ਵਰਕਸ਼ਾਪ ਚੌਂਕ ਨੇੜੇ ਸਥਿਤ “ਮਾਮੇ ਦੇ ਢਾਬੇ” ਵਿੱਚ ਨਜਾਇਜ਼ ਤਰੀਕੇ ਨਾਲ ਸ਼ਰਾਬ ਪਿਲਾਉਣ ਦੇ ਮਾਮਲੇ ਵਿੱਚ ਲਗਾਤਾਰ ਖੁਲਾਸੇ ਸਾਹਮਣੇ ਆ ਰਹੇ ਹਨ। ਇਸ ਸਾਰੇ ਮਾਮਲੇ ਦੌਰਾਨ ਹੁਣ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਦੇ ਗੰਭੀਰ ਦੋਸ਼ ਵੀ ਲੱਗ ਰਹੇ ਹਨ, ਜਿਸ ਕਾਰਨ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜੇ ਹੋ ਰਹੇ ਹਨ।
ਸਥਾਨਕ ਲੋਕਾਂ ਅਤੇ ਸੂਤਰਾਂ ਦਾ ਕਹਿਣਾ ਹੈ ਕਿ ਜਲੰਧਰ ਕਮਿਸ਼ਨਰੇਟ ਦੇ ਅਧੀਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਨਜਾਇਜ਼ ਕਾਰੋਬਾਰ ਖੁੱਲ੍ਹੇਆਮ ਚੱਲ ਰਹੇ ਹਨ। ਕਈ ਢਾਬਿਆਂ ਅਤੇ ਹੋਰ ਥਾਵਾਂ ‘ਤੇ ਸ਼ਰਾਬ ਦਾ ਸੇਵਨ ਕਰਵਾਇਆ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਵੀ ਕੋਈ ਸਖ਼ਤ ਕਾਰਵਾਈ ਸਾਹਮਣੇ ਨਹੀਂ ਆ ਰਹੀ।
ਇਸ ਮਾਮਲੇ ਵਿੱਚ “ਮਾਮੇ ਦੇ ਢਾਬੇ” ਦਾ ਨਾਮ ਲਗਾਤਾਰ ਚਰਚਾ ਵਿੱਚ ਹੈ, ਜਿੱਥੇ ਅੱਜ ਵੀ ਸ਼ਰੇਆਮ ਲੋਕਾਂ ਨੂੰ ਬਿਠਾ ਕੇ ਸ਼ਰਾਬ ਪਿਲਾਈ ਜਾ ਰਹੀ ਹੈ। ਦੋਸ਼ ਲੱਗ ਰਹੇ ਹਨ ਕਿ ਇਸ ਵਿੱਚ ਸਿਰਫ਼ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਹੀ ਨਹੀਂ, ਸਗੋਂ ਜਲੰਧਰ ਕਮਿਸ਼ਨਰੇਟ ਦੇ ਅਧੀਨ ਇਲਾਕੇ ਵਿੱਚ ਆਉਣ ਵਾਲੇ ਕੁਝ ਹੋਰ ਮੁਲਾਜ਼ਮ ਵੀ ਉੱਥੇ ਆ ਕੇ ਦੂਆ-ਸਲਾਮ ਕਰਦੇ ਹੋਏ ਆਪਣੀਆਂ ਜੇਬਾਂ ਗਰਮ ਕਰਕੇ ਚਲੇ ਜਾਂਦੇ ਹਨ।
ਸੂਤਰਾਂ ਅਨੁਸਾਰ ਕੁਝ ਪੁਲਿਸ ਕਰਮਚਾਰੀ ਇੱਥੇ ਮੁਫ਼ਤ ਖਾਣਾ-ਪੀਣਾ ਵੀ ਕਰਦੇ ਹਨ ਅਤੇ ਇਸੇ ਕਾਰਨ ਇਹ ਨਜਾਇਜ਼ ਧੰਦਾ ਬੇਰੋਕਟੋਕ ਚੱਲ ਰਿਹਾ ਹੈ। ਜੇਕਰ ਇਹ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਇਹ ਸਿਰਫ਼ ਇੱਕ ਢਾਬੇ ਦਾ ਮਾਮਲਾ ਨਹੀਂ, ਸਗੋਂ ਪੂਰੇ ਸਿਸਟਮ ‘ਤੇ ਸਵਾਲ ਖੜੇ ਕਰਦਾ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਉੱਚ ਅਧਿਕਾਰੀ ਇਸ ਮਾਮਲੇ ਵਿੱਚ ਕੋਈ ਸਖ਼ਤ ਕਦਮ ਚੁੱਕਦੇ ਹਨ ਜਾਂ ਫਿਰ ਇਹ ਨਜਾਇਜ਼ ਕਾਰੋਬਾਰ ਪਹਿਲਾਂ ਵਾਂਗ ਹੀ ਚੱਲਦਾ ਰਹੇਗਾ।



