ਆਦਮਪੁਰ ’ਚ ਸੋਸ਼ਲ ਮੀਡੀਆ ’ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਗਰਮਾਇਆ, ਤਿੰਨ ਵਿਅਕਤੀਆਂ ਖ਼ਿਲਾਫ਼ FIR ਦਰਜ

ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਕਥਿਤ ਇਤਰਾਜ਼ਯੋਗ ਪੋਸਟਾਂ ਪਾਉਣ ਦੇ ਦੋਸ਼, ਪੁਲਿਸ ਵੱਲੋਂ ਤਿੰਨਾਂ ਮੁਲਜ਼ਮਾਂ ਦੀ ਭਾਲ ਸ਼ੁਰੂ

ਜਲੰਧਰ : ਆਦਮਪੁਰ ਇਲਾਕੇ ਵਿੱਚ ਸੋਸ਼ਲ ਮੀਡੀਆ ਰਾਹੀਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕਥਿਤ ਮਾਮਲੇ ਵਿੱਚ ਆਦਮਪੁਰ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਐਫਆਈਆਰ ਦੇ ਵੇਰਵਿਆਂ ਅਨੁਸਾਰ, ਸ਼ਿਕਾਇਤਕਰਤਾ ਬਲਬੀਰ ਕੁਮਾਰ ਸਿੰਘ ਪੁੱਤਰ ਚਰਨ ਦਾਸ ਵਾਸੀ ਪਿੰਡ ਚੋਮੇ, ਬਾਣਾ ਆਦਮਪੁਰ, ਜ਼ਿਲ੍ਹਾ ਜਲੰਧਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕੁਝ ਵਿਅਕਤੀਆਂ ਵੱਲੋਂ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਵੱਖ-ਵੱਖ ਆਈਡੀਜ਼ ਰਾਹੀਂ ਅਜਿਹੀਆਂ ਪੋਸਟਾਂ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਸਨ, ਜਿਨ੍ਹਾਂ ਰਾਹੀਂ ਰਵਿਦਾਸੀਆ ਸਮਾਜ ਅਤੇ ਧਾਰਮਿਕ ਮਾਨਤਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਸ਼ਿਕਾਇਤਕਰਤਾ ਅਨੁਸਾਰ, ਇਨ੍ਹਾਂ ਪੋਸਟਾਂ ਕਾਰਨ ਸਮਾਜ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੇ ਨਾਲ-ਨਾਲ ਆਪਸੀ ਤਣਾਅ ਪੈਦਾ ਹੋਣ ਦਾ ਖ਼ਦਸ਼ਾ ਸੀ। ਐਫਆਈਆਰ ਵਿੱਚ ਤਿੰਨ ਵਿਅਕਤੀਆਂ ਦੇ ਨਾਮ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਗੁਰਦੇਵ ਰਾਮ ਵਾਸੀ ਖੁਰਲਾ ਕਿੰਗਰਾ, ਜ਼ਿਲ੍ਹਾ ਜਲੰਧਰ, ਦਿਨੇਸ਼ ਕੁਮਾਰ ਵਾਸੀ ਰਹਿਮਪੁਰ, ਬਾਣਾ ਕਰਤਾਰਪੁਰ ਅਤੇ ਕਮਲਜੀਤ ਵਾਸੀ ਜੰਡੂ ਸਿੰਘ, ਬਾਣਾ ਆਦਮਪੁਰ ਸ਼ਾਮਲ ਹਨ। ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਵਿੱਚ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 299 ਅਤੇ 192 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। FIR ਦਰਜ ਹੋਣ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਤੇਜ਼ | ਮਾਮਲੇ ਵਿੱਚ ਐਫਆਈਆਰ ਦਰਜ ਹੋਣ ਤੋਂ ਬਾਅਦ ਆਦਮਪੁਰ ਪੁਲਿਸ ਪ੍ਰਸ਼ਾਸਨ ਵੱਲੋਂ ਤਿੰਨਾਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਤਿੰਨਾਂ ਮੁਲਜ਼ਮਾਂ ਨੂੰ ਕਦੋਂ ਤੱਕ ਕਾਬੂ ਕਰਦੀ ਹੈ ਅਤੇ ਸੋਸ਼ਲ ਮੀਡੀਆ ’ਤੇ ਕਥਿਤ ਤੌਰ ’ਤੇ ਪਾਈਆਂ ਗਈਆਂ ਇਤਰਾਜ਼ਯੋਗ ਪੋਸਟਾਂ ਸਬੰਧੀ ਜਾਂਚ ਵਿੱਚ ਹੋਰ ਕੀ ਤੱਥ ਸਾਹਮਣੇ ਆਉਂਦੇ ਹਨ।