ਮਾਡਲ ਟਾਊਨ ‘ਚ ਪੁਲਿਸ ਦੀ ਛਾਂਹ ਹੇਠ ਨੰਗਾ ਨੱਚ ਰਿਹਾ ਕਾਨੂੰਨ, “ਸਪਾ ਵਰਲਡ” ਬਣਿਆ ਦੇਹ ਵਪਾਰ ਦਾ ਖੁੱਲ੍ਹਾ ਅੱਡਾ

ਜਲੰਧਰ ਪੁਲਿਸ ਦੇ ‘ਸੁਰੱਖਿਆ ਘੇਰੇ’ ‘ਚ ਚੱਲ ਰਿਹਾ ਸਪਾ ਵਰਲਡ, ਮਸਾਜ ਦੀ ਆੜ ‘ਚ ਸ਼ਰੇਆਮ ਦੇਹ ਵਪਾਰ

ਜਲੰਧਰ (ਸੁਮਿਤ ਕੁਮਾਰ): ਜਲੰਧਰ ਸ਼ਹਿਰ ਦੇ ਮਾਡਲ ਟਾਊਨ ਇਲਾਕੇ ਤੋਂ ਸਾਹਮਣੇ ਆਇਆ ਇਹ ਮਾਮਲਾ ਸਿਰਫ਼ ਗੈਰ-ਕਾਨੂੰਨੀ ਧੰਦੇ ਦੀ ਕਹਾਣੀ ਨਹੀਂ, ਸਗੋਂ ਜਲੰਧਰ ਪੁਲਿਸ ਦੀ ਕਾਰਗੁਜ਼ਾਰੀ ‘ਤੇ ਲੱਗਿਆ ਕਾਲਾ ਧੱਬਾ ਹੈ। ਮਸੰਦ ਚੌਂਕ ਦੇ ਬਿਲਕੁਲ ਨਾਲ “ਸਪਾ ਵਰਲਡ” ਨਾਮ ਦਾ ਮਸਾਜ ਪਾਰਲਰ ਮਸਾਜ ਦੀ ਆੜ ‘ਚ ਪ੍ਰੋਫੈਸ਼ਨਲ ਦੇਹ ਵਪਾਰ ਦਾ ਕੇਂਦਰ ਬਣ ਚੁੱਕਾ ਹੈ—ਅਤੇ ਇਹ ਸਭ ਕੁਝ ਪੁਲਿਸ ਦੀ ਪੂਰੀ ਜਾਣਕਾਰੀ ਅਤੇ ਮਿਲੀਭੁਗਤ ਨਾਲ ਹੋ ਰਿਹਾ ਹੈ।
ਸੂਤਰ ਸਾਫ਼ ਦੱਸਦੇ ਹਨ ਕਿ ਇੱਥੇ ਨੌਜਵਾਨ ਲੜਕੀਆਂ ਨੂੰ ਰੱਖ ਕੇ ਗਾਹਕਾਂ ਨੂੰ ਮਸਾਜ ਦੇ ਨਾਮ ‘ਤੇ ਅੰਦਰ ਬੁਲਾਇਆ ਜਾਂਦਾ ਹੈ। ਬਾਹਰ ਮਸਾਜ ਦੇ ਰੇਟ ਇੱਕ ਹਜ਼ਾਰ ਤੋਂ ਦੋ ਹਜ਼ਾਰ ਰੁਪਏ ਦੱਸੇ ਜਾਂਦੇ ਹਨ, ਪਰ ਅੰਦਰ ਜਾ ਕੇ ਜਿਸਮਾਂ ਦੇ ਸੌਦੇ ਖੁੱਲ੍ਹੇਆਮ ਤੈਅ ਕੀਤੇ ਜਾਂਦੇ ਹਨ। ਇਹ ਥਾਂ ਹੁਣ ਮਸਾਜ ਪਾਰਲਰ ਨਹੀਂ, ਬਲਕਿ ਦੇਹ ਵਪਾਰ ਦੀ ਫੈਕਟਰੀ ਬਣ ਕੇ ਰਹਿ ਗਈ ਹੈ।
ਹੈਰਾਨੀ ਦੀ ਗੱਲ ਇਹ ਨਹੀਂ ਕਿ ਇਹ ਧੰਦਾ ਚੱਲ ਰਿਹਾ ਹੈ, ਹੈਰਾਨੀ ਇਸ ਗੱਲ ਦੀ ਹੈ ਕਿ ਇਹ ਸਭ ਕੁਝ ਮਾਡਲ ਟਾਊਨ ਥਾਣੇ ਦੇ ਐਸਐਚਓ ਅਤੇ ਥਾਣੇ ਦੇ ਹੋਰ ਕਰਮਚਾਰੀਆਂ ਦੀ ਛਤਰ-ਛਾਇਆ ਹੇਠ ਹੋ ਰਿਹਾ ਹੈ। ਜਾਣਕਾਰੀ ਮੁਤਾਬਕ, ਥਾਣੇ ਦੇ ਅੰਦਰ ਮੌਜੂਦ ਜ਼ਿਆਦਾਤਰ ਮੁਲਾਜ਼ਮ ਇਸ ਨਜਾਇਜ਼ ਸਪਾ ਪਾਰਲਰ ਤੋਂ ਮਹੀਨਾਵਾਰ ਵਸੂਲੀ ਕਰਦੇ ਹਨ, ਜਿਸ ਕਰਕੇ ਕਾਨੂੰਨ ਅੰਨ੍ਹਾ, ਗੂੰਗਾ ਅਤੇ ਬਹਿਰਾ ਬਣਿਆ ਬੈਠਾ ਹੈ।
ਲੋਕਾਂ ‘ਚ ਇਹ ਗੱਲ ਖੁੱਲ੍ਹੇਆਮ ਚਰਚਾ ‘ਚ ਹੈ ਕਿ ਏਸੀਪੀ ਮਾਡਲ ਟਾਊਨ ਅਤੇ ਐਸਐਚਓ ਮਾਡਲ ਟਾਊਨ—ਦੋਹਾਂ ਦੀ ਸੰਪੂਰਨ ਮਿਲੀਭੁਗਤ ਨਾਲ ਹੀ ਇਹ ਨਜਾਇਜ਼ ਧੰਦਾ ਫੱਲ-ਫੂਲ ਰਿਹਾ ਹੈ। ਇੰਝ ਲੱਗਦਾ ਹੈ ਜਿਵੇਂ “ਸਪਾ ਵਰਲਡ” ‘ਤੇ ਪੁਲਿਸ ਦਾ ਸਿੱਧਾ ਹੱਥ ਰੱਖਿਆ ਹੋਇਆ ਹੋਵੇ, ਜਿਸ ਕਰਕੇ ਕਿਸੇ ਵੀ ਅਧਿਕਾਰੀ ਦੀ ਹਿੰਮਤ ਨਹੀਂ ਕਿ ਉੱਥੇ ਝਾਕ ਵੀ ਲਵੇ।
ਜਲੰਧਰ ਕਮਿਸ਼ਨਰੇਟ ਪੁਲਿਸ ਵੱਡੇ ਮੰਚਾਂ ‘ਤੇ ਖੜ੍ਹ ਕੇ ਕਾਨੂੰਨ ਦੀਆਂ ਗੱਲਾਂ ਕਰਦੀ ਹੈ, ਪਰ ਮਾਡਲ ਟਾਊਨ ਦਾ ਇਹ ਮਾਮਲਾ ਸਾਫ਼ ਦੱਸਦਾ ਹੈ ਕਿ ਕਾਨੂੰਨ ਸਿਰਫ਼ ਉਹਨਾਂ ਲਈ ਹੈ ਜੋ ਪੁਲਿਸ ਨੂੰ ਹਿੱਸਾ ਨਹੀਂ ਪਹੁੰਚਾਉਂਦੇ। ਜਿੱਥੇ ਜੇਬਾਂ ਗਰਮ ਹੋ ਰਹੀਆਂ ਹੋਣ, ਉੱਥੇ ਨਜਾਇਜ਼ ਕੰਮ ਨਾ ਸਿਰਫ਼ ਚੱਲਦੇ ਹਨ, ਸਗੋਂ ਉਨ੍ਹਾਂ ਨੂੰ ਪੁਲਿਸੀ ਸੁਰੱਖਿਆ ਵੀ ਮਿਲਦੀ ਹੈ।
ਹੁਣ ਸਵਾਲ ਇਹ ਨਹੀਂ ਕਿ “ਸਪਾ ਵਰਲਡ” ‘ਤੇ ਕਾਰਵਾਈ ਹੋਵੇਗੀ ਜਾਂ ਨਹੀਂ, ਸਵਾਲ ਇਹ ਹੈ ਕਿ ਕੀ ਜਲੰਧਰ ਪੁਲਿਸ ਆਪਣੇ ਹੀ ਗਿਰਬਾਨ ‘ਚ ਝਾਕਣ ਦੀ ਹਿੰਮਤ ਕਰੇਗੀ? ਜਾਂ ਫਿਰ ਇਹ ਦੇਹ ਵਪਾਰ ਦਾ ਅੱਡਾ ਇੰਝ ਹੀ ਕਾਨੂੰਨ ਦਾ ਮਜ਼ਾਕ ਬਣਾਉਂਦਾ ਰਹੇਗਾ?