CIA ਦੇ ਮੁਲਾਜ਼ਮ ਵੀ ਸਿਵਲ ਵਰਦੀ ਵਿੱਚ ਡਿਊਟੀ ਸਮੇਂ ਕਰਨ ਆਉਂਦੇ ਨੇ ਸ਼ਰਾਬ ਦਾ ਸੇਵਨ ਜਲਦੀ ਕੀਤੀਆਂ ਜਾਣਗੀਆਂ ਤਸਵੀਰਾਂ ਪ੍ਰਕਾਸ਼ਿਤ
ਜਲੰਧਰ (ਸੁਮਿਤ ਕੁਮਾਰ) :- ਵਰਕਸ਼ਾਪ ਚੌਂਕ ਨੇੜੇ ਸਥਿਤ “ਮਾਮੇ ਦੇ ਢਾਬੇ” ਵਿੱਚ ਨਜਾਇਜ਼ ਤਰੀਕੇ ਨਾਲ ਸ਼ਰਾਬ ਪਿਲਾਉਣ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਖੁਲਾਸੇ ਸਾਹਮਣੇ ਆ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਖਬਰਾਂ ਅਤੇ ਸ਼ਿਕਾਇਤਾਂ ਦੇ ਬਾਵਜੂਦ ਅਜੇ ਤੱਕ ਪੁਲਿਸ ਵੱਲੋਂ ਕੋਈ ਢੰਗ ਦੀ ਕਾਨੂੰਨੀ ਕਾਰਵਾਈ ਸ਼ੁਰੂ ਵੀ ਨਹੀਂ ਕੀਤੀ ਗਈ। ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਮੋਟੀ ਸੈਟਿੰਗ ਦੇ ਦੋਸ਼ ਲੱਗ ਰਹੇ ਹਨ, ਜਿਸ ਕਰਕੇ ਅੱਜ ਵੀ ਕਾਰਵਾਈ ਪੈਂਡਿੰਗ ਦਿਖਾਈ ਦੇ ਰਹੀ ਹੈ ਅਤੇ ਨਜਾਇਜ਼ ਕਾਰੋਬਾਰ ਪਹਿਲਾਂ ਨਾਲੋਂ ਵੀ ਵੱਧ ਫਲ-ਫੂਲ ਰਿਹਾ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਢਾਬੇ ਵਿੱਚ ਅੱਜ ਵੀ ਸ਼ਰੇਆਮ ਟੇਬਲਾਂ ਲਗਾ ਕੇ ਲੋਕਾਂ ਨੂੰ ਸ਼ਰਾਬ ਪਿਲਾਈ ਜਾ ਰਹੀ ਹੈ ਅਤੇ ਕਿਸੇ ਤਰ੍ਹਾਂ ਦਾ ਡਰ ਜਾਂ ਰੋਕ-ਟੋਕ ਨਹੀਂ ਹੈ।
ਸਭ ਤੋਂ ਵੱਡੀ ਅਤੇ ਚਿੰਤਾਜਨਕ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਕੁਝ ਸੀ.ਆਈ.ਏ. ਸਟਾਫ ਦੇ ਮੈਂਬਰ ਵੀ ਇਸ ਢਾਬੇ ਵਿੱਚ ਆ ਕੇ ਸ਼ਰਾਬ ਦਾ ਸੇਵਨ ਕਰਦੇ ਦੇਖੇ ਗਏ ਹਨ। ਜੇਕਰ ਇਹ ਗੱਲ ਸੱਚ ਹੈ ਤਾਂ ਇਹ ਮਾਮਲਾ ਹੋਰ ਵੀ ਗੰਭੀਰ ਬਣ ਜਾਂਦਾ ਹੈ ਕਿਉਂਕਿ ਕਾਨੂੰਨ ਲਾਗੂ ਕਰਨ ਵਾਲੇ ਹੀ ਜੇਕਰ ਇਸ ਤਰ੍ਹਾਂ ਦੇ ਨਜਾਇਜ਼ ਧੰਦੇ ਨਾਲ ਜੁੜੇ ਨਜ਼ਰ ਆਉਣ ਤਾਂ ਪ੍ਰਸ਼ਾਸਨ ‘ਤੇ ਸਵਾਲ ਖੜੇ ਹੋਣਾ ਲਾਜ਼ਮੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਉੱਚ ਅਧਿਕਾਰੀ ਇਸ ਮਾਮਲੇ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਨ। ਅਗਲੇ ਭਾਗ ਵਿੱਚ ਇਸ
ਮਾਮਲੇ ਨਾਲ ਜੁੜੀਆਂ ਕੁਝ ਤਸਵੀਰਾਂ ਵੀ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਉਹ ਲੋਕ ਵੀ ਨਜ਼ਰ ਆ ਸਕਦੇ ਹਨ ਜੋ ਇਸ ਨਜਾਇਜ਼ ਢਾਬੇ ਵਿੱਚ ਸ਼ਰਾਬ ਦਾ ਸੇਵਨ ਕਰਦੇ ਪਾਏ ਗਏ ਹਨ।






