ਲੁਧਿਆਣਾ ਦੇ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਇਮਤਿਹਾਨਾਂ ਵਿਚਕਾਰ ਮਚਿਆ ਹੜਕੰਪ

ਲੁਧਿਆਣਾ ਮਹਾਨਗਰ ਵਿੱਚ ਸੋਮਵਾਰ ਸਵੇਰੇ ਉਸ ਵੇਲੇ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸ਼ਹਿਰ ਦੇ ਕਈ ਪ੍ਰਸਿੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਖ਼ਬਰ ਸਾਹਮਣੇ ਆਈ। ਜਾਣਕਾਰੀ ਮੁਤਾਬਕ ਸਵੇਰੇ ਲਗਭਗ 7 ਵਜੇ ਈ-ਮੇਲ ਰਾਹੀਂ ਭੇਜੇ ਗਏ ਧਮਕੀ ਭਰੇ ਸੁਨੇਹੇ ਨੇ ਸਕੂਲ ਪ੍ਰਬੰਧਨਾਂ ਅਤੇ ਮਾਪਿਆਂ ਦੀਆਂ ਧੜਕਣਾਂ ਤੇਜ਼ ਕਰ ਦਿੱਤੀਆਂ।

ਧਮਕੀ ਦੀ ਸੂਚਨਾ ਮਿਲਦੇ ਹੀ ਸਕੂਲ ਪ੍ਰਬੰਧਨਾਂ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਫੌਰੀ ਤੌਰ ‘ਤੇ ਮੋਰਚਾ ਸੰਭਾਲ ਲਿਆ। ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਆਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਕੇ ਸਕੂਲਾਂ ਦੇ ਹਰੇਕ ਕੋਨੇ ਦੀ ਗਹਿਰਾਈ ਨਾਲ ਜਾਂਚ ਕਰਨ ਵਿੱਚ ਜੁੱਟ ਗਈਆਂ। ਜਿਨ੍ਹਾਂ ਸਕੂਲਾਂ ਨੂੰ ਧਮਕੀ ਮਿਲਣ ਦੀ ਗੱਲ ਸਾਹਮਣੇ ਆਈ ਹੈ ਉਨ੍ਹਾਂ ਵਿੱਚ GGN Public School, Narayana e-Techno School, Darshan Academy, DAV BRS Nagar, DAV Pakhowal Road, DPS School, GNPS ਸਰਾਭਾ ਨਗਰ ਅਤੇ Jesus Sacred Heart School ਦੇ ਨਾਮ ਸ਼ਾਮਲ ਦੱਸੇ ਜਾ ਰਹੇ ਹਨ।

ਹੈਰਾਨੀ ਦੀ ਗੱਲ ਇਹ ਰਹੀ ਕਿ ਜਦੋਂ ਇਹ ਧਮਕੀ ਆਈ ਉਸ ਵੇਲੇ ਕਈ ਸਕੂਲਾਂ ਵਿੱਚ ਬੱਚਿਆਂ ਦੇ ਇਮਤਿਹਾਨ ਵੀ ਚੱਲ ਰਹੇ ਸਨ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਪ੍ਰਬੰਧਨਾਂ ਨੇ ਤੁਰੰਤ ਬੱਚਿਆਂ ਨੂੰ ਬਾਹਰ ਕੱਢ ਕੇ ਸਕੂਲ ਪ੍ਰੰਗਣ ਖਾਲੀ ਕਰਵਾ ਦਿੱਤੇ। ਇਸ ਦੌਰਾਨ ਮਾਪਿਆਂ ਵਿੱਚ ਵੀ ਚਿੰਤਾ ਅਤੇ ਘਬਰਾਹਟ ਦਾ ਮਾਹੌਲ ਬਣ ਗਿਆ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਧਮਕੀ ਸੱਚਮੁੱਚ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਜਾਂ ਕਿਸੇ ਦੀ ਸ਼ਰਾਰਤ। ਸਾਇਬਰ ਟੀਮਾਂ ਵੀ ਈ-ਮੇਲ ਭੇਜਣ ਵਾਲੇ ਦੇ ਸਰੋਤ ਤੱਕ ਪਹੁੰਚਣ ਲਈ ਜਾਂਚ ਵਿੱਚ ਜੁੱਟ ਗਈਆਂ ਹਨ। ਇਸ ਘਟਨਾ ਨੇ ਇੱਕ ਵਾਰ ਫਿਰ ਸਕੂਲਾਂ ਦੀ ਸੁਰੱਖਿਆ ਅਤੇ ਬੱਚਿਆਂ ਦੀ ਜਾਨ ਨਾਲ ਖੇਡਣ ਵਾਲਿਆਂ ਦੀ ਸੋਚ ‘ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਜੇ ਚੇਤਾਵਨੀ ਝੂਠੀ ਵੀ ਨਿਕਲੀ ਤਾਂ ਵੀ ਐਸੀ ਘਟਨਾਵਾਂ ਸਮਾਜ ਵਿੱਚ ਦਹਿਸ਼ਤ ਫੈਲਾਉਣ ਵਾਲੀ ਗੰਭੀਰ ਅਪਰਾਧਕ ਹਰਕਤ ਮੰਨੀ ਜਾ ਰਹੀ ਹੈ।