TIME TV PUNJAB EXCLUSIVE: ਜਲੰਧਰ ਨਗਰ ਨਿਗਮ ‘ਚ ਭ੍ਰਿਸ਼ਟਾਚਾਰ ਦਾ ਵੱਡਾ ਖੁਲਾਸਾ! ਨਜਾਇਜ਼ ਉਸਾਰੀਆਂ ‘ਤੇ ਨੋਟਿਸਾਂ ਦਾ ਡਰਾਮਾ, ਕਰੋੜਾਂ ਦੀ ਸੈਟਿੰਗ ਦੇ ਦੋਸ਼

ਜਲੰਧਰ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ ਨਜਾਇਜ਼ ਉਸਾਰੀਆਂ ਸਬੰਧੀ ਸ਼ਿਕਾਇਤ ਦਰਜ

ਜਲੰਧਰ (Time TV Punjab):
ਜਲੰਧਰ ਸ਼ਹਿਰ ਵਿੱਚ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜੇ ਹੋ ਰਹੇ ਹਨ। ਸਮਾਜ ਸੇਵੀ ਗਗਨ ਪਾਹਵਾ ਵੱਲੋਂ ਵਿਜੀਲੈਂਸ ਬਿਊਰੋ ਪੰਜਾਬ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਬਿਲਡਿੰਗ ਇੰਸਪੈਕਟਰ ਗੌਰਵ ਠਾਕੁਰ ਅਤੇ ਅਜੈ ਕੁਮਾਰ ਸਮੇਤ ਹੋਰ ਸੰਬੰਧਿਤ ਅਧਿਕਾਰੀ ਨਜਾਇਜ਼ ਉਸਾਰੀਆਂ ‘ਤੇ ਸਿਰਫ਼ ਨੋਟਿਸ ਜਾਰੀ ਕਰਕੇ ਮਾਮਲੇ ਨੂੰ ਦਬਾ ਦਿੰਦੇ ਹਨ ਅਤੇ ਬਾਅਦ ਵਿੱਚ ਸੈਟਿੰਗ ਕਰਕੇ ਉਸਾਰੀਆਂ ਮੁੜ ਚਲਣ ਦਿੰਦੇ ਹਨ।
ਸ਼ਿਕਾਇਤ ਅਨੁਸਾਰ ਦਸ਼ਮੇਸ਼ ਨਗਰ ਤੋਂ ਘਾ ਮੰਡੀ ਜਾਣ ਵਾਲੇ ਰਸਤੇ ‘ਤੇ ਪੇਂਟ ਫੈਕਟਰੀ ਦੇ ਨਾਲ ਬਣੀਆਂ ਨਜਾਇਜ਼ ਦੁਕਾਨਾਂ ਨੂੰ ਪਹਿਲਾਂ ਨਗਰ ਨਿਗਮ ਵੱਲੋਂ ਤੋੜਿਆ ਗਿਆ ਸੀ, ਪਰ ਕੁਝ ਸਮੇਂ ਬਾਅਦ ਹੀ ਉਹਨਾਂ ਨੂੰ ਮੁੜ ਤਿਆਰ ਕਰ ਦਿੱਤਾ ਗਿਆ। ਇਹ ਘਟਨਾ ਨਗਰ ਨਿਗਮ ਦੀ ਕਾਰਵਾਈ ‘ਤੇ ਸਿੱਧਾ ਸਵਾਲ ਖੜਾ ਕਰਦੀ ਹੈ।
ਇਸ ਤੋਂ ਇਲਾਵਾ ਭਾਰਗੋ ਕੈਂਪ ਇਲਾਕੇ ਵਿੱਚ ਸੀਲ ਕੀਤੀਆਂ ਦੁਕਾਨਾਂ ਦੀਆਂ ਸੀਲਾਂ ਤੋੜ ਕੇ ਦੁਬਾਰਾ ਕਾਰੋਬਾਰ ਚਲਾਇਆ ਜਾ ਰਿਹਾ ਹੈ। ਦੋਸ਼ ਹੈ ਕਿ ਇਹ ਸਭ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ।ਹੋਰ ਖੁਲਾਸਾ ਕਰਦੇ ਹੋਏ ਗਗਨ ਪਾਹਵਾ ਨੇ ਦੱਸਿਆ ਕਿ ਕਈ ਥਾਵਾਂ ‘ਤੇ ਸਿਰਫ਼ ਨੋਟਿਸ ਲਗਾ ਕੇ ਕਾਰਵਾਈ ਦਾ ਡਰਾਮਾ ਕੀਤਾ ਜਾਂਦਾ ਹੈ, ਜਦਕਿ ਬਾਅਦ ਵਿੱਚ ਉਹਨਾਂ ਦੁਕਾਨਾਂ ਨੂੰ ਪੂਰੀ ਤਰ੍ਹਾਂ ਤਿਆਰ ਕਰਕੇ ਚਾਲੂ ਕਰ ਦਿੱਤਾ ਜਾਂਦਾ ਹੈ। ਇਸ ਸਬੰਧੀ ਪਹਿਲਾਂ ਵੀ ਖਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ।ਇਸ ਤੋਂ ਇਲਾਵਾ ਗੁਲਮੇਹਰ ਇਨਕਲੇਵ ਅਤੇ ਨਿਊ ਦਸ਼ਮੇਸ਼ ਨਗਰ ਦੇ C-D ਬਲਾਕ ਵਿੱਚ ਨਜਾਇਜ਼ ਕਲੋਨੀਆਂ ਅਤੇ ਕੋਠੀਆਂ ਦੇ ਨਿਰਮਾਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ |ਇੱਥੇ ਵੀ ਅਧਿਕਾਰੀਆਂ ਵੱਲੋਂ ਸਿਰਫ਼ ਨੋਟਿਸ ਜਾਰੀ ਕਰਕੇ ਮਾਮਲੇ ਨੂੰ ਲੰਬਾ ਖਿੱਚਿਆ ਗਿਆ, ਜਦਕਿ ਹਕੀਕਤ ਵਿੱਚ ਕੋਠੀਆਂ ਤਿਆਰ ਕਰਕੇ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ।ਗਗਨ ਪਾਹਵਾ ਨੇ ਸਖ਼ਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਸਾਰਾ ਗੋਰਖਧੰਧਾ ਕਰੋੜਾਂ ਰੁਪਏ ਦੀਆਂ ਸੈਟਿੰਗਾਂ ਨਾਲ ਚੱਲ ਰਿਹਾ ਹੈ ਅਤੇ ਨਗਰ ਨਿਗਮ ਦੇ ਕੁਮੁਲਾਜ਼ਮ ਆਪਣੀਆਂ ਜੇਬਾਂ ਭਰ ਰਹੇ ਹਨ। ਇਸਕਾਰਨ ਨਾ ਸਿਰਫ਼ ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾਹੋ ਰਹੀ ਹੈ, ਸਗੋਂ ਸਰਕਾਰ ਨੂੰ ਵੀ ਵੱਡਾ ਆਰਥਿਕ ਨੁਕਸਾਨ ਪਹੁੰਚ ਰਿਹਾ ਹੈ।ਇਸ ਸਬੰਧੀਉਨ੍ਹਾਂ ਵੱਲੋਂ ਵਿਜੀਲੈਂਸ ਬਿਊਰੋ ਪੰਜਾਬ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾ ਕੇ ਬਿਲਡਿੰਗ ਇੰਸਪੈਕਟਰ ਗੌਰਵ ਠਾਕੁਰ, ਅਜੈ ਕੁਮਾਰ ਅਤੇ ਹੋਰ ਜਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਹੈ।
(EXCLUSIVE IMPACT):
ਜੇਕਰ ਇਸ ਮਾਮਲੇ ‘ਚ ਤੁਰੰਤ ਕਾਰਵਾਈ ਨਾ ਹੋਈ ਤਾਂ ਜਲੰਧਰ ਵਿੱਚ ਨਜਾਇਜ਼ ਉਸਾਰੀਆਂ ਅਤੇ ਭ੍ਰਿਸ਼ਟਾਚਾਰ ਦਾ ਇਹ ਜਾਲ ਹੋਰ ਵੀ ਫੈਲ ਸਕਦਾ ਹੈ। ਹੁਣ ਸਭ ਦੀਆਂ ਨਜ਼ਰਾਂ ਵਿਜੀਲੈਂਸ ਬਿਊਰੋ ਦੀ ਕਾਰਵਾਈ ‘ਤੇ ਟਿਕੀਆਂ ਹੋਈਆਂ ਹਨ