“ਪਹਿਲਾਂ ਸ਼ਟਰ ਉਤਰੇ, ਫਿਰ ਦੀਵਾਰਾਂ ਚੜ੍ਹੀਆਂ ਤੇ ਆਖ਼ਰ ਬਣ ਗਿਆ ਸ਼ੋਰੂਮ — ਪੁੱਡਾ ਅਧਿਕਾਰੀਆਂ ‘ਤੇ ਮਿਲੀਭੁਗਤ ਦੇ ਗੰਭੀਰ ਦੋਸ਼”

“ਟਾਵਰ ਇਨਕਲੇਵ ਫੇਸ-2 ਵਿੱਚ ਰਿਹਾਇਸ਼ੀt ਮਕਾਨ ਕਿਵੇਂ ਬਣ ਗਿਆ ਕਮਰਸ਼ਅਲ ਸ਼ੋਰੂਮ? RTI Agency of India ਨੇ ਉਠਾਏ ਵੱਡੇ ਸਵਾਲ”

ਜਲੰਧਰ (ਸੁਮਿਤ ਕੁਮਾਰ): RTI Agency of India ਵੱਲੋਂ ਜਲੰਧਰ ਦੇ ਟਾਵਰ ਇਨਕਲੇਵ ਫੇਸ-2 ਕ੍ਰਿਕਟ ਸਟੇਡੀਅਮ ਦੇ ਬਿਲਕੁਲ ਸਾਹਮਣੇ ਤਿਆਰ ਹੋਏ ਇੱਕ ਸ਼ੋਰੂਮ ਨੂੰ ਲੈ ਕੇ ਗੰਭੀਰ ਸਵਾਲ ਖੜੇ ਕੀਤੇ ਗਏ ਹਨ। ਸੰਸਥਾ ਦਾ ਦੋਸ਼ ਹੈ ਕਿ ਜਿਸ ਜਗ੍ਹਾ ‘ਤੇ ਪਹਿਲਾਂ ਰਿਹਾਇਸ਼ੀ ਪ੍ਰਾਪਰਟੀ ਦੇ ਰੂਪ ਵਿੱਚ ਨਿਰਮਾਣ ਕੀਤਾ ਜਾ ਰਿਹਾ ਸੀ, ਉਸਨੂੰ ਬਾਅਦ ਵਿੱਚ ਕਥਿਤ ਤੌਰ ‘ਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵਪਾਰਕ ਰੂਪ ਦੇ ਦਿੱਤਾ ਗਿਆ।

ਜਾਣਕਾਰੀ ਅਨੁਸਾਰ, ਜਦੋਂ ਬਿਲਡਿੰਗ ਦਾ ਨਿਰਮਾਣ ਸ਼ੁਰੂ ਹੋਇਆ ਤਾਂ ਬਾਹਰ ਵਪਾਰਕ ਤਰੀਕੇ ਨਾਲ ਸ਼ਟਰ ਲਗਾਏ ਗਏ ਸਨ। ਇਸ ਮਾਮਲੇ ਨੂੰ ਲੈ ਕੇ RTI Agency of India ਵੱਲੋਂ Jalandhar Development Authority ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਰਿਹਾਇਸ਼ੀ ਪ੍ਰਾਪਰਟੀ ਨੂੰ ਨਿਯਮਾਂ ਦੇ ਉਲਟ ਕਮਰਸ਼ਅਲ ਰੂਪ ਦਿੱਤਾ ਜਾ ਰਿਹਾ ਹੈ।
ਸ਼ਿਕਾਇਤ ਤੋਂ ਬਾਅਦ ਪੁੱਡਾ ਅਧਿਕਾਰੀਆਂ ਵੱਲੋਂ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਅਤੇ ਮੌਕੇ ‘ਤੇ ਲੱਗੇ ਸ਼ਟਰ ਹਟਾ ਦਿੱਤੇ ਗਏ। ਕੁਝ ਸਮੇਂ ਲਈ ਉਸ ਜਗ੍ਹਾ ‘ਤੇ ਦੁਬਾਰਾ ਦੀਵਾਰ ਖੜ੍ਹੀ ਕਰ ਦਿੱਤੀ ਗਈ ਤਾਂ ਜੋ ਪ੍ਰਾਪਰਟੀ ਰਿਹਾਇਸ਼ੀ ਦਿਖਾਈ ਦੇਵੇ। ਪਰ ਹੁਣ ਫਿਰ ਉਸੇ ਜਗ੍ਹਾ ਦੀਵਾਰ ਤੋੜ ਕੇ ਨਵੇਂ ਸ਼ਟਰ ਲਗਾ ਦਿੱਤੇ ਗਏ ਹਨ ਅਤੇ ਪੂਰੀ ਤਰ੍ਹਾਂ ਕਮਰਸ਼ਅਲ ਸ਼ੋਰੂਮ ਤਿਆਰ ਹੋ ਚੁੱਕਾ ਹੈ। RTI Agency of India ਨੇ ਦੋਸ਼ ਲਗਾਇਆ ਹੈ ਕਿ ਇਸ ਪੂਰੇ ਮਾਮਲੇ ਵਿੱਚ ਅਧਿਕਾਰੀਆਂ ਅਤੇ ਬਿਲਡਰ ਵਿਚਕਾਰ ਕਥਿਤ ਮਿਲੀਭੁਗਤ ਹੋਈ ਹੈ। ਸੰਸਥਾ ਦਾ ਕਹਿਣਾ ਹੈ ਕਿ ਜਿਹੜਾ ਨਿਰਮਾਣ ਪਹਿਲਾਂ ਨਿਯਮਾਂ ਦੇ ਉਲਟ ਦੱਸ ਕੇ ਰੁਕਵਾਇਆ ਗਿਆ ਸੀ,

ਉਹੀ ਕੰਮ ਹੁਣ ਖੁੱਲ੍ਹੇਆਮ ਮੁਕੰਮਲ ਹੋ ਗਿਆ ਹੈ। ਸੰਸਥਾ ਨੇ ਇਹ ਵੀ ਦੋਸ਼ ਲਗਾਇਆ ਕਿ ਭਾਰੀ ਰਕਮਾਂ ਦੀ ਕਥਿਤ ਰਿਸ਼ਵਤ ਦੇ ਬਦਲੇ ਨਿਯਮਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ।ਇਲਾਕਾ ਨਿਵਾਸੀਆਂ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਰਿਹਾਇਸ਼ੀ ਇਲਾਕਿਆਂ ਵਿੱਚ ਇਸ ਤਰ੍ਹਾਂ ਬਿਨਾਂ ਸਖ਼ਤ ਜਾਂਚ ਦੇ ਕਮਰਸ਼ਅਲ ਉਸਾਰੀਆਂ ਨੂੰ ਮਨਜ਼ੂਰੀ ਮਿਲਦੀ ਰਹੀ ਤਾਂ ਭਵਿੱਖ ਵਿੱਚ ਕਾਨੂੰਨੀ ਪ੍ਰਣਾਲੀ ‘ਤੇ ਲੋਕਾਂ ਦਾ ਭਰੋਸਾ ਘਟ ਸਕਦਾ ਹੈ।ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਕੀ Jalandhar Development Authority ਇਸ ਮਾਮਲੇ ਵਿੱਚ ਦੁਬਾਰਾ ਜਾਂਚ ਕਰੇਗੀ ਜਾਂ ਫਿਰ ਇਹ ਮਾਮਲਾ ਵੀ ਫਾਈਲਾਂ ਵਿੱਚ ਹੀ ਦੱਬ ਕੇ ਰਹਿ ਜਾਵੇਗਾ।