ਬੂਟਾ ਪਿੰਡ ਅੱਡੇ ਨੇੜੇ ਬਿਲਡਿੰਗ ਬਾਇਲਾਜ਼ ਦੀਆਂ ਉੱਡ ਰਹੀਆਂ ਧੱਜੀਆਂ, ਨਜਾਇਜ਼ ਦੁਕਾਨ ਦੀ ਤਿਆਰੀ ਜਾਰੀ

ਜਲੰਧਰ (ਸੁਮਿਤ ਕੁਮਾਰ):
ਜਲੰਧਰ ਦੇ ਨਕੋਦਰ ਰੋਡ ਸਥਿਤ ਬੂਟਾ ਪਿੰਡ ਅੱਡੇ ਦੇ ਬਿਲਕੁਲ ਸਾਹਮਣੇ, ਦਿਓਲ ਨਗਰ ਨੂੰ ਜਾਂਦੇ ਰਸਤੇ ਵਿੱਚ ਏਕਤਾ ਗੈਸ ਏਜੰਸੀ ਤੋਂ ਪਹਿਲਾਂ ਸੱਜੇ ਹੱਥ ਸਥਿਤ ਰੋਇਲ ਹੇਅਰ ਐਂਡ ਬਿਊਟੀ ਸੈਲੂਨ ਦੇ ਨਾਲ ਇੱਕ ਨਵੀਂ ਦੁਕਾਨ ਦਾ ਨਿਰਮਾਣ/ਤਿਆਰੀ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਚਰਚਾ ਹੈ ਕਿ ਇਹ ਉਸਾਰੀ ਬਿਨਾਂ ਲੋੜੀਂਦੀਆਂ ਮਨਜ਼ੂਰੀਆਂ ਅਤੇ ਨਿਯਮਾਂ ਦੀ ਪਾਲਣਾ ਤੋਂ ਕੀਤੀ ਜਾ ਰਹੀ ਹੈ।

ਦੋਸ਼ ਹੈ ਕਿ ਉਕਤ ਦੁਕਾਨ ਦਾ ਨਾ ਤਾਂ ਕੋਈ ਮਨਜ਼ੂਰਸ਼ੁਦਾ ਨਕਸ਼ਾ ਪਾਸ ਕਰਵਾਇਆ ਗਿਆ ਹੈ ਅਤੇ ਨਾ ਹੀ ਨਿਰਮਾਣ ਕਾਰਜ ਬਿਲਡਿੰਗ ਬਾਇਲਾਜ਼ ਅਨੁਸਾਰ ਕੀਤਾ ਜਾ ਰਿਹਾ ਹੈ। ਸਬਜ਼ੀ ਮੰਡੀ ਦੇ ਬਿਲਕੁਲ ਬਾਹਰ ਕੀਤੀ ਜਾ ਰਹੀ ਇਸ ਉਸਾਰੀ ਦੌਰਾਨ ਸੈੱਟਬੈਕ, ਪਾਰਕਿੰਗ ਅਤੇ ਹੋਰ ਲਾਜ਼ਮੀ ਨਿਯਮਾਂ ਨੂੰ ਅਣਡਿੱਠਾ ਕੀਤੇ ਜਾਣ ਦੇ ਦੋਸ਼ ਵੀ ਲੱਗ ਰਹੇ ਹਨ।

ਜੇਕਰ ਇਹ ਨਿਰਮਾਣ ਬਿਨਾਂ ਮਨਜ਼ੂਰੀ ਅਤੇ ਨਿਯਮਾਂ ਦੀ ਉਲੰਘਣਾ ਕਰਕੇ ਕੀਤਾ ਜਾ ਰਿਹਾ ਹੈ ਤਾਂ ਇਹ ਸਬੰਧਤ ਨਗਰ ਨਿਗਮ ਅਤੇ ਬਿਲਡਿੰਗ ਸ਼ਾਖਾ ਦੀ ਕਾਰਗੁਜ਼ਾਰੀ ‘ਤੇ ਵੀ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਇਲਾਕਾ ਵਾਸੀਆਂ ਅਤੇ ਸਮਾਜਿਕ ਸੰਸਥਾਵਾਂ ਨੇ ਮੰਗ ਕੀਤੀ ਹੈ ਕਿ ਮੌਕੇ ਦੀ ਤੁਰੰਤ ਜਾਂਚ ਕਰਕੇ ਇਹ ਸਪੱਸ਼ਟ ਕੀਤਾ ਜਾਵੇ ਕਿ ਉਕਤ ਦੁਕਾਨ ਲਈ ਨਕਸ਼ਾ ਅਤੇ ਹੋਰ ਕਾਨੂੰਨੀ ਮਨਜ਼ੂਰੀਆਂ ਪ੍ਰਾਪਤ ਕੀਤੀਆਂ ਗਈਆਂ ਹਨ ਜਾਂ ਨਹੀਂ।

ਜੇਕਰ ਨਿਰਮਾਣ ਗੈਰ-ਕਾਨੂੰਨੀ ਪਾਇਆ ਜਾਂਦਾ ਹੈ ਤਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਸ਼ਹਿਰ ਵਿੱਚ ਬਿਨਾਂ ਮਨਜ਼ੂਰੀ ਹੋ ਰਹੀਆਂ ਉਸਾਰੀਆਂ ‘ਤੇ ਰੋਕ ਲੱਗ ਸਕੇ।