ਜਲੰਧਰ: ਸ਼ਹਿਰ ਦੇ ਥਾਣਾ ਨੰਬਰ-7 ਅਧੀਨ ਪੈਂਦੇ ਬੰਬੇ ਨਗਰ ਵਿੱਚ ਨਿੱਜੀ ਜਾਇਦਾਦ ਨੂੰ ਲੈ ਕੇ ਵਿਵਾਦ ਦੇ ਮਾਮਲੇ ਵਿੱਚ ਪੁਲਿਸ ਨੇ ਅਰਬਨ ਐਸਟੇਟ ਫੇਜ਼-2 ਦੇ ਰਹਿਣ ਵਾਲੇ ਬਲਵਿੰਦਰ ਸਿੰਘ ਸੱਗੂ ਅਤੇ ਉਸਦੇ 10-12 ਅਣਪਛਾਤੇ ਸਾਥੀਆਂ ਖ਼ਿਲਾਫ਼ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਸ਼ਿਕਾਇਤਕਰਤਾ ਮੁਤਾਬਕ ਉਸ ਨੇ ਬੰਬੇ ਨਗਰ ਵਿੱਚ 48 ਮਰਲੇ ਜ਼ਮੀਨ ਕਾਨੂੰਨੀ ਤੌਰ ‘ਤੇ ਖਰੀਦੀ ਸੀ, ਜਿਸ ਦੀ ਰਜਿਸਟਰੀ ਅਤੇ ਹੋਰ ਸਾਰੇ ਲੋੜੀਂਦੇ ਦਸਤਾਵੇਜ਼ ਉਸਦੇ ਕੋਲ ਮੌਜੂਦ ਹਨ। ਜ਼ਮੀਨ ਦੀ ਖਰੀਦ ਤੋਂ ਬਾਅਦ ਉਸ ਨੇ ਆਪਣੀ ਮਲਕੀਅਤ ਦੀ ਸੁਰੱਖਿਆ ਲਈ ਚਾਰ ਦੀਵਾਰੀ ਵੀ ਕਰਵਾ ਦਿੱਤੀ ਸੀ। ਸ਼ਿਕਾਇਤ ਅਨੁਸਾਰ, 20 ਜੁਲਾਈ ਦੀ ਸਵੇਰ ਕਰੀਬ 8:30 ਵਜੇ ਬਲਵਿੰਦਰ ਸਿੰਘ ਸੱਗੂ ਆਪਣੇ ਕਰੀਬ 10 ਤੋਂ 12
ਸਾਥੀਆਂ ਸਮੇਤ ਮੌਕੇ ‘ਤੇ ਪਹੁੰਚਿਆ। ਦੋਸ਼ ਹੈ ਕਿ ਉਨ੍ਹਾਂ ਨੇ ਹਥਿਆਰਾਂ ਦੇ ਜ਼ੋਰ ‘ਤੇ ਧਾਰਮਿਕ ਨਾਅਰੇਬਾਜ਼ੀ ਕਰਦੇ ਹੋਏ ਚਾਰਦੀਵਾਰੀ ਨੂੰ ਢਾਹ ਦਿੱਤਾ ਅਤੇ ਜਾਇਦਾਦ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।
ਪੀੜਤ ਦਾ ਕਹਿਣਾ ਹੈ ਕਿ ਇਹ ਸਾਰੀ ਘਟਨਾ ਉੱਥੇ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਲੋੜ ਪੈਣ ‘ਤੇ ਇਸ ਦੀ ਵੀਡੀਓ ਜਾਂਚ ਏਜੰਸੀਆਂ ਅਤੇ ਅਦਾਲਤ ਅੱਗੇ ਵੀ ਪੇਸ਼ ਕੀਤੀ ਜਾ ਸਕਦੀ ਹੈ।ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਉਪਰੰਤ ਬਲਵਿੰਦਰ ਸਿੰਘ ਸੱਗੂ ਅਤੇ ਉਸਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਲਈ ਹੈ।
ਥਾਣਾ ਮੁਖੀ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਧਰ, ਖ਼ਬਰ ਪ੍ਰਕਾਸ਼ਿਤ ਹੋਣ ਤੱਕ ਦੂਜੇ ਪੱਖ ਨਾਲ ਸੰਪਰਕ ਨਹੀਂ ਹੋ ਸਕਿਆ। ਜੇਕਰ ਦੂਜਾ ਪੱਖ ਆਪਣਾ ਪੱਖ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਵੀ ਪੂਰਾ ਮੌਕਾ ਦਿੱਤਾ ਜਾਵੇਗਾ।

