ਜਲੰਧਰ (ਜਸਵਿੰਦਰ ਬਲ):- ਕ੍ਰਾਂਤੀਕਾਰੀ ਮਹਾਨ ਸੰਤ Satguru Ravidas ਮਹਾਰਾਜ ਜੀ ਦੇ 649ਵੇਂ ਗੁਰਪੁਰਬ ਨੂੰ ਸਮਰਪਿਤ ਮਿਸ਼ਨਰੀ ਲੇਖਕ ਸ੍ਰੀ ਰਾਜੇਸ਼ ਭਬਿਆਣਾ ਵੱਲੋਂ ਲਿਖੀ ਗਈ ਕਿਤਾਬ “ਬੱਚਿਆਂ ਦੇ ਪ੍ਰੇਰਨਾ ਸਰੋਤ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ” ਉੱਪਰ 08/02/2026 ਨੂੰ ਟੈਸਟ ਕਰਵਾਇਆ ਗਿਆ, ਜਿਸ ਦਾ ਨਤੀਜਾ 10/02/2026 ਨੂੰ ਸ਼ਾਮ 5 ਵਜੇ ਐਲਾਨਿਆ ਗਿਆ।
ਇਸ ਟੈਸਟ ਵਿੱਚ ਕੁੱਲ 21 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਪੰਜਵੀਂ ਤੋਂ ਦਸਵੀਂ ਕਲਾਸ ਤੱਕ ਦੇ ਬੱਚੇ ਸ਼ਾਮਲ ਸਨ। ਸਾਰੇ ਵਿਦਿਆਰਥੀਆਂ ਨੇ ਥੋੜ੍ਹੇ ਸਮੇਂ ਵਿੱਚ ਪਾਠ ਯਾਦ ਕਰਕੇ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰਸ਼ਨਾਂ ਦੇ ਉੱਤਰ ਲਿਖੇ। ਬੱਚਿਆਂ ਵਿੱਚ ਖਾਸਾ ਉਤਸ਼ਾਹ ਅਤੇ ਜੋਸ਼ ਦੇਖਣ ਨੂੰ ਮਿਲਿਆ।
ਪੇਪਰ ਚੈੱਕ ਕਰਨ ਤੋਂ ਬਾਅਦ ਬੱਚਿਆਂ ਨੂੰ ਉਨ੍ਹਾਂ ਦੀਆਂ ਗਲਤੀਆਂ ਬਾਰੇ ਜਾਣਕਾਰੀ ਵੀ ਦਿੱਤੀ ਗਈ, ਤਾਂ ਜੋ ਭਵਿੱਖ ਵਿੱਚ ਉਹ ਹੋਰ ਸੁਧਾਰ ਕਰ ਸਕਣ। ਪੇਪਰ ਮੈਡਮ ਕੰਵਲਜੀਤ ਕੌਰ ਅਤੇ ਡਾਕਟਰ ਅਸ਼ੋਕ ਕੁਮਾਰ ਜੀ ਵੱਲੋਂ ਚੈੱਕ ਕੀਤੇ ਗਏ, ਜਦਕਿ ਰੀ-ਚੈਕਿੰਗ ਅਵਤਾਰ ਚੰਦ ਕਾਲਾ ਬਾਹੀਆਂ ਵੱਲੋਂ ਕੀਤੀ ਗਈ। ਤਿੰਨਾਂ ਵੱਲੋਂ ਮਿਲਕੇ ਡੀਟੇਲ ਮਾਰਕ ਤਿਆਰ ਕੀਤੇ ਗਏ।
ਨਤੀਜੇ ਹੇਠ ਲਿਖੇ ਰਹੇ:
🥇 ਪਹਿਲਾ ਸਥਾਨ – ਤਾਨਿਸ ਪਾਲ
🥈 ਦੂਜਾ ਸਥਾਨ – ਹਰਜਸ ਕੌਰ ਅਤੇ ਰਿਧਿਮਾ
🥉 ਤੀਜਾ ਸਥਾਨ – ਤਰਨਦੀਪ ਕੌਰ
ਇਨ੍ਹਾਂ ਤੋਂ ਇਲਾਵਾ 10+1 ਦੇ ਵਿਦਿਆਰਥੀ ਲਵਪ੍ਰੀਤ ਕੁਮਾਰ ਨੂੰ ਵੀ ਵਧੀਆ ਅੰਕ ਪ੍ਰਾਪਤ ਕਰਨ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਪਹਿਲੇ, ਦੂਜੇ ਅਤੇ ਤੀਜੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਖਾਸ ਨਗਦ ਰਾਸ਼ੀ, ਕਾਪੀਆਂ ਅਤੇ ਪੈਨ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਬਾਕੀ ਸਾਰੇ ਬੱਚਿਆਂ ਨੂੰ ਵੀ ਨਗਦ ਰਾਸ਼ੀ, ਕਾਪੀਆਂ ਅਤੇ ਪੈਨ ਭੇਂਟ ਕੀਤੇ ਗਏ।
ਵਰਲਡ ਫੇਮਸ ਕਲਮ ਸ੍ਰੀ ਗੋਲਡੀ ਦਰਦੀ (ਇਟਲੀ) ਵੱਲੋਂ ਵੀ ਸਾਰੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਪਿਤਾ ਸ੍ਰੀ ਮਾਨ ਰਾਮ ਮੂਰਤੀ ਜੀ ਵਿਸ਼ੇਸ਼ ਤੌਰ ‘ਤੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਲਈ ਪਹੁੰਚੇ। ਉਨ੍ਹਾਂ ਦੇ ਨਾਲ ਲੱਕੀ ਮਾਹੀ ਮੈਂਬਰ ਪੰਚਾਇਤ ਰੰਧਾਵਾ ਮਸੰਦਾਂ ਵੀ ਮੌਜੂਦ ਰਹੇ।
ਪਿੰਡ ਕਾਲਾ ਬਾਹੀਆਂ ਵੱਲੋਂ ਸਰਪੰਚ ਪਰਮਜੀਤ ਪਾਲ, ਸਾਬਕਾ ਸਰਪੰਚ ਸੁਰਿੰਦਰ ਕੌਰ ਜੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ, ਮੈਂਬਰ ਪੰਚਾਇਤ, ਰਾਜ ਕੁਮਾਰ (ਜੈ ਹੋ ਯੂਟਿਊਬ ਚੈਨਲ), ਅਮਨਪ੍ਰੀਤ ਪਾਲ, ਅਮਰੀਕ ਲਾਲ ਜੀ ਅਤੇ ਬੱਚਿਆਂ ਦੀਆਂ ਮਾਤਾਵਾਂ ਹਾਜ਼ਰ ਰਹੀਆਂ। ਕਿਤਾਬ ਦੇ ਲੇਖਕ ਵੀ ਆਨਲਾਈਨ ਜੁੜੇ ਰਹੇ।
ਇਸ ਮੌਕੇ ਬਸਪਾ ਜਲੰਧਰ ਨੌਰਥ ਦੇ ਜਨਰਲ ਸਕੱਤਰ ਹਨੀ ਵਿਰਦੀ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ, ਜਦਕਿ ਸਤਪਾਲ ਆਸਟ੍ਰੇਲੀਆ ਵੱਲੋਂ ਵੀ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ।
ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਅਵਤਾਰ ਚੰਦ ਕਾਲਾ ਬਾਹੀਆਂ ਵੱਲੋਂ ਕੀਤਾ ਗਿਆ। ਅੰਤ ਵਿੱਚ ਸਾਰੇ ਵਿਦਿਆਰਥੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਚਾਹ ਦਾ ਲੰਗਰ ਵੀ ਵਰਤਾਇਆ ਗਿਆ।
ਇਹ ਸਮਾਗਮ ਬੱਚਿਆਂ ਵਿੱਚ ਧਾਰਮਿਕ ਗਿਆਨ, ਪ੍ਰੇਰਣਾ ਅਤੇ ਆਤਮਵਿਸ਼ਵਾਸ ਵਧਾਉਣ ਵੱਲ ਇਕ ਕਾਬਿਲ-ਏ-ਤਾਰੀਫ਼ ਕਦਮ ਸਾਬਤ ਹੋਇਆ।




![]()
