ਚੰਡੀਗੜ੍ਹ : Punjab Vigilance Bureau ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਏਐਸਆਈ ਲਖਵਿੰਦਰ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਲਖਵਿੰਦਰ ਸਿੰਘ ਪੁਲਿਸ ਪੋਸਟ ਕਿਚਲੂ ਨਗਰ, ਥਾਣਾ ਪੀਏਯੂ Ludhiana ਵਿੱਚ ਇੰਚਾਰਜ ਵਜੋਂ ਤਾਇਨਾਤ ਸੀ।
ਵਿਜੀਲੈਂਸ ਬਿਊਰੋ ਦੇ ਅਧਿਕਾਰਕ ਪ੍ਰਵਕਤਾ ਨੇ ਦੱਸਿਆ ਕਿ ਇਹ ਕਾਰਵਾਈ ਨੂਰਵਾਲਾ ਰੋਡ ਸਥਿਤ ਬੈਂਕ ਕਾਲੋਨੀ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ।
ਸ਼ਿਕਾਇਤਕਰਤਾ ਦੇ ਮੁਤਾਬਕ ਉਸਦੇ ਖ਼ਿਲਾਫ ਇੱਕ ਮਾਮਲਾ ਦਰਜ ਸੀ, ਜਿਸ ਦੀ ਜਾਂਚ ਏਐਸਆਈ ਲਖਵਿੰਦਰ ਸਿੰਘ ਕਰ ਰਿਹਾ ਸੀ। ਦੋਸ਼ ਹੈ ਕਿ ਏਐਸਆਈ ਨੇ ਉਸਦੀ ਮਾਂ ਅਤੇ ਭੈਣ ਨੂੰ ਕੇਸ ਵਿੱਚ ਫਸਾਉਣ ਤੋਂ ਬਚਾਉਣ ਦੇ ਬਦਲੇ 30,000 ਰੁਪਏ ਦੀ ਰਿਸ਼ਵਤ ਮੰਗੀ ਸੀ। ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਦੀ ਪੂਰੀ ਗੱਲਬਾਤ ਦੀ ਰਿਕਾਰਡਿੰਗ ਵੀ ਕਰ ਲਈ ਸੀ।
ਰਿਸ਼ਵਤ ਦੇਣ ਤੋਂ ਇਨਕਾਰ ਕਰਦੇ ਹੋਏ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਨਾਲ ਸੰਪਰਕ ਕੀਤਾ। ਸ਼ੁਰੂਆਤੀ ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਬਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਦੋਸ਼ੀ ਏਐਸਆਈ ਨੂੰ 15,000 ਰੁਪਏ ਲੈਂਦੇ ਸਮੇਂ ਕਾਬੂ ਕਰ ਲਿਆ।
ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਥਾਣਾ ਲੁਧਿਆਣਾ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰਕੇ ਅੱਗੇ ਦੀ ਜਾਂਚ ਜਾਰੀ ਹੈ।
![]()
