ਮੌਕਾ ” ਜਲੰਧਰ (ਟਾਈਮ ਟੀਵੀ ਪੰਜਾਬ) : ਪੰਜਾਬ ਵਿੱਚ ਸਪਾ ਸੈਂਟਰਾਂ ਦੀ ਆੜ ’ਚ ਚੱਲ ਰਹੇ ਗੈਰਕਾਨੂੰਨੀ ਧੰਦੇ ਖ਼ਿਲਾਫ਼ ਪੁਲਿਸ ਦੀ ਕਾਰਵਾਈ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਮੋਗਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇੱਕ ਸਪਾ ਸੈਂਟਰ ’ਤੇ ਛਾਪੇਮਾਰੀ ਕਰਕੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ, ਮੋਗਾ ਦੇ ਗੋਲਡਨ ਸਪਾ ਸੈਂਟਰ ਵਿੱਚ ਕਾਫ਼ੀ ਸਮੇਂ ਤੋਂ ਗਲਤ ਗਤੀਵਿਧੀਆਂ ਚੱਲ ਰਹੀਆਂ ਸਨ। ਪੁਲਿਸ ਨੇ ਜਦੋਂ ਅਚਾਨਕ ਰੇਡ ਕੀਤੀ ਤਾਂ ਕਮਰਿਆਂ ਵਿੱਚ ਦੇਹ ਵਪਾਰ ਚੱਲਦਾ ਹੋਇਆ ਮਿਲਿਆ। ਇਸ ਦੌਰਾਨ ਪੁਲਿਸ ਨੇ ਸਪਾ ਸੈਂਟਰ ਦੇ ਮਾਲਕ ਸਤਨਾਮ ਸਿੰਘ ਅਤੇ ਲਵਪ੍ਰੀਤ ਸਿੰਘ ਸਮੇਤ ਚਾਰ ਲੜਕੀਆਂ ਨੂੰ ਗ੍ਰਿਫਤਾਰ ਕੀਤਾ। 
ਰੇਡ ਦੌਰਾਨ ਪੁਲਿਸ ਵੱਲੋਂ ਮੌਕੇ ਤੋਂ ਆਪੱਤੀਜਨਕ ਸਮੱਗਰੀ, ਚਾਰ ਮੋਬਾਈਲ ਫੋਨ ਅਤੇ ਇੱਕ ਸਫ਼ੈਦ ਰੰਗ ਦੀ ਸਵਿਫਟ ਕਾਰ ਵੀ ਬਰਾਮਦ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਇਸ ਤਰ੍ਹਾਂ ਦੇ ਗੈਰਕਾਨੂੰਨੀ ਧੰਦੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਤੇ ਅੱਗੇ ਵੀ ਐਸੀਆਂ ਕਾਰਵਾਈਆਂ ਜਾਰੀ ਰਹਿਣਗੀਆਂ।
ਪਰ ਦੂਜੇ ਪਾਸੇ ਸਵਾਲ ਇਹ ਵੀ ਖੜ੍ਹਦਾ ਹੈ ਕਿ ਜਦੋਂ ਮੋਗਾ ਪੁਲਿਸ ਇਸ ਤਰ੍ਹਾਂ ਦੇ ਮਾਮਲਿਆਂ ’ਚ ਸਫਲ ਕਾਰਵਾਈ ਕਰ ਰਹੀ ਹੈ, ਤਾਂ ਜਲੰਧਰ ਵਿੱਚ ਇਸ ਤਰ੍ਹਾਂ ਦੇ ਮਸਾਜ ਪਾਰਲਰਾਂ ’ਤੇ ਕਾਰਵਾਈ ਕਿਉਂ ਨਹੀਂ ਹੋ ਰਹੀ? ਸ਼ਹਿਰ ਦੇ ਕਈ ਇਲਾਕਿਆਂ ਵਿੱਚ ਮਸਾਜ ਪਾਰਲਰਾਂ ਦੇ ਨਾਂ ’ਤੇ ਨਜਾਇਜ਼ ਦੇਹ ਵਪਾਰ ਦੇ ਅੱਡੇ ਚੱਲ ਰਹੇ ਹਨ, ਪਰ ਉਨ੍ਹਾਂ ’ਤੇ ਕੋਈ ਢੰਗ ਦੀ ਕਾਰਵਾਈ ਨਹੀਂ ਦਿੱਖ ਰਹੀ।
ਲੋਕਾਂ ਵਿੱਚ ਚਰਚਾ ਹੈ ਕਿ ਜਲੰਧਰ ਪੁਲਿਸ ਕਮਿਸ਼ਨਰੇਟ ਦੇ ਹਲਕੇ ਵਿੱਚ ਇਹ ਧੰਦੇ ਖੁੱਲ੍ਹੇਆਮ ਚੱਲ ਰਹੇ ਹਨ। ਹੁਣ ਸਭ ਦੀ ਨਜ਼ਰ ਧਨਪ੍ਰੀਤ ਕੌਰ ਉੱਤੇ ਹੈ ਕਿ ਉਹ ਇਸ ਮਾਮਲੇ ’ਚ ਕਦੋਂ ਸਖ਼ਤ ਕਦਮ ਚੁੱਕਣਗੇ।
ਸਵਾਲ ਸਾਫ਼ ਹੈ — ਜਦੋਂ ਮੋਗਾ ਵਿੱਚ ਕਾਰਵਾਈ ਸੰਭਵ ਹੈ, ਤਾਂ ਜਲੰਧਰ ਵਿੱਚ ਕਿਉਂ ਨਹੀਂ? ਕੀ ਜਲੰਧਰ ਪੁਲਿਸ ਵੀ ਹੁਣ ਐਕਸ਼ਨ ਮੋਡ ’ਚ ਆਏਗੀ ਜਾਂ ਇਹ ਗੈਰਕਾਨੂੰਨੀ ਧੰਦੇ ਇਉਂ ਹੀ ਚੱਲਦੇ ਰਹਿਣਗੇ?

