ਜਲੰਧਰ /ਸੁਮਿਤ ਕੁਮਾਰ : ਪੰਜਾਬ ਦੇ ਮੁੱਖ ਮੰਤਰੀ Bhagwant Mann ਵੱਲੋਂ ਕੱਢੀ ਜਾ ਰਹੀ ਯਾਤਰਾ ਨੂੰ ਲੈ ਕੇ ਅੱਜ ਇੱਕ ਵੱਡੀ ਚਰਚਾ ਛਿੜ ਗਈ, ਜਿੱਥੇ ਆਮ ਲੋਕਾਂ ਅਤੇ ਸੰਗਤ ਦੀ ਹਾਜ਼ਰੀ ਨਾਲੋਂ ਪੰਜਾਬ ਪੁਲਿਸ ਦੀ ਭਾਰੀ ਤਾਇਨਾਤੀ ਜ਼ਿਆਦਾ ਨਜ਼ਰ ਆਈ। ਯਾਤਰਾ ਦੌਰਾਨ ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਸਾਫ਼ ਦੇਖਿਆ ਗਿਆ ਕਿ ਮੁੱਖ ਮੰਤਰੀ ਦੇ ਆਲੇ-ਦੁਆਲੇ ਆਮ ਜਨਤਾ ਦੀ ਭੀੜ ਘੱਟ ਅਤੇ ਪੁਲਿਸ ਫੋਰਸ ਦਾ ਘੇਰਾ ਵੱਧ ਦਿਖਾਈ ਦਿੱਤਾ, ਜਿਸ ਕਾਰਨ ਵਿਰੋਧੀਆਂ ਨੂੰ ਸਰਕਾਰ ‘ਤੇ ਨਿਸ਼ਾਨਾ ਸਾਧਣ ਦਾ ਮੌਕਾ ਮਿਲ ਗਿਆ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਹੜੀ ਯਾਤਰਾ ਨੂੰ ਲੋਕਾਂ ਨਾਲ ਜੁੜਾਅ ਅਤੇ ਜਨ ਸਮਰਥਨ ਦਾ ਪ੍ਰਤੀਕ ਦੱਸਿਆ ਜਾ ਰਿਹਾ ਸੀ, ਉਹੀ ਯਾਤਰਾ ਹੁਣ ਸੁਰੱਖਿਆ ਦੇ ਘੇਰੇ ਅਤੇ ਪੁਲਿਸ ਦੀ ਮੌਜੂਦਗੀ ਕਾਰਨ ਚਰਚਾ ਦਾ ਕੇਂਦਰ ਬਣ ਗਈ ਹੈ। ਕਈ ਥਾਵਾਂ ‘ਤੇ ਇਹ ਵੀ ਗੱਲ ਸਾਹਮਣੇ ਆਈ ਕਿ ਆਮ ਲੋਕ ਯਾਤਰਾ ਨਾਲ ਖੁਦ ਨੂੰ ਜੋੜਦੇ ਨਹੀਂ ਦਿਖੇ ਅਤੇ ਲੋਕਾਂ ਵਿੱਚ ਪਹਿਲਾਂ ਵਾਲਾ ਜੋਸ਼ ਵੀ ਘੱਟ ਨਜ਼ਰ ਆਇਆ।
ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀ ਵੱਡੀ ਚਰਚਾ ਚੱਲ ਰਹੀ ਹੈ। Shiromani Akali Dal ਦੇ ਅਧਿਕਾਰਿਕ ਫੇਸਬੁੱਕ ਪੇਜ ‘ਤੇ ਵੀ ਇਸ ਯਾਤਰਾ ਸਬੰਧੀ ਪੋਸਟ ਸਾਂਝੀ ਕਰਦੇ ਹੋਏ ਕਿਹਾ ਗਿਆ ਕਿ ਮੁੱਖ ਮੰਤਰੀ ਦੇ ਨਾਲ ਆਮ ਸੰਗਤ ਦੀ ਬਜਾਏ ਪੰਜਾਬ ਪੁਲਿਸ ਦਾ ਹੀ ਵੱਡਾ ਇਕੱਠ ਦਿਖਾਈ ਦੇ ਰਿਹਾ ਹੈ। ਪੋਸਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਪੰਜਾਬ ਦੇ ਲੋਕ ਹੁਣ ਇੱਕ ਨਵੇਂ ਸਿਆਸੀ ਚਿਹਰੇ ਦੀ ਉਡੀਕ ਕਰ ਰਹੇ ਹਨ ਅਤੇ ਇਸੇ ਕਾਰਨ ਲੋਕਾਂ ਦੀ ਭਾਗੀਦਾਰੀ ਘੱਟ ਨਜ਼ਰ ਆ ਰਹੀ ਹੈ।
ਸੋਸ਼ਲ ਮੀਡੀਆ ਉੱਤੇ ਚੱਲ ਰਹੀਆਂ ਇਨ੍ਹਾਂ ਚਰਚਾਵਾਂ ਨੇ ਪੰਜਾਬ ਦੀ ਸਿਆਸਤ ਨੂੰ ਇੱਕ ਵਾਰ ਫਿਰ ਗਰਮਾ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਅਤੇ ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ ਉੱਠ ਰਹੇ ਸਵਾਲਾਂ ਦਾ ਕੀ ਜਵਾਬ ਦਿੱਤਾ ਜਾਂਦਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦਾ ਰੁਝਾਨ ਕਿਸ ਪਾਸੇ ਜਾਂਦਾ ਹੈ।




