ਜਲੰਧਰ (ਰਾਹੁਲ): ਪੁਲਿਸ ਕਮਿਸ਼ਨਰੇਟ ਜਲੰਧਰ ਦੇ ਨੌਰਥ ਜ਼ੋਨ ਅਧੀਨ ਆਉਂਦੇ ਥਾਣਾ ਡਿਵੀਜ਼ਨ ਨੰਬਰ-8 ਦੀ ਚੌਂਕੀ ਫੋਕਲ ਪੁਆਇੰਟ ਦੇ ਮੁਲਾਜ਼ਮਾਂ ਦੀ ਕਾਰਵਾਈ ਨੂੰ ਲੈ ਕੇ ਇੱਕ ਨਵਾਂ ਵਿਵਾਦ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੋਕਲ ਪੁਆਇੰਟ ਚੌਂਕ ਵਿੱਚ ਕੁਝ ਵਿਅਕਤੀ ਸਿਵਲ ਕੱਪੜਿਆਂ ਵਿੱਚ ਖੜ੍ਹੇ ਹੋ ਕੇ ਵਾਹਨਾਂ ਨੂੰ ਰੋਕਦੇ ਅਤੇ ਚਲਾਨ ਕਰਦੇ ਨਜ਼ਰ ਆਏ। ਇਸ ਦੌਰਾਨ ਆਮ ਲੋਕਾਂ ਵਿੱਚ ਭਰਮ ਦੀ ਸਥਿਤੀ ਬਣੀ ਰਹੀ ਕਿ ਆਖਿਰ ਇਹ ਵਿਅਕਤੀ ਅਸਲ ਵਿੱਚ ਪੁਲਿਸ ਮੁਲਾਜ਼ਮ ਹਨ ਜਾਂ ਕੋਈ ਹੋਰ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਅਧਿਕਾਰੀ ਜਾਂ ਮੁਲਾਜ਼ਮ ਪੁਲਿਸ ਵਰਦੀ ਤੋਂ ਬਿਨਾਂ ਡਿਊਟੀ ਕਰਦਾ ਹੈ ਤਾਂ ਆਮ ਨਾਗਰਿਕ ਲਈ ਉਸ ਦੀ ਪਛਾਣ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਹਾਲਾਤਾਂ ਵਿੱਚ ਲੋਕਾਂ ਦੇ ਮਨ ਵਿੱਚ ਸੁਰੱਖਿਆ ਅਤੇ ਪਾਰਦਰਸ਼ਤਾ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ।
ਇਸ ਦੌਰਾਨ ਸਭ ਤੋਂ ਵੱਡਾ ਸਵਾਲ ਉਸ ਵਿਅਕਤੀ ਨੂੰ ਲੈ ਕੇ ਉੱਠ ਰਿਹਾ ਹੈ ਜੋ ਘਰੇਲੂ ਪੈਂਟ-ਸ਼ਰਟ ਵਿੱਚ ਪੁਲਿਸ ਮੁਲਾਜ਼ਮਾਂ ਦੇ ਨਾਲ ਖੜ੍ਹਾ ਦਿਖਾਈ ਦਿੱਤਾ ਅਤੇ ਉਸ ਦੇ ਹੱਥ ਵਿੱਚ ਈ-ਚਲਾਨ ਕੱਟਣ ਵਾਲੀ ਮਸ਼ੀਨ ਵੀ ਨਜ਼ਰ ਆਈ। ਸਵਾਲ ਇਹ ਹੈ ਕਿ ਆਖਿਰ ਇਹ ਵਿਅਕਤੀ ਕੌਣ ਹੈ? ਕੀ ਉਹ ਪੁਲਿਸ ਵਿਭਾਗ ਦਾ ਅਧਿਕਾਰਤ ਕਰਮਚਾਰੀ ਹੈ, ਹੋਮ ਗਾਰਡ ਹੈ ਜਾਂ ਕਿਸੇ ਹੋਰ ਏਜੰਸੀ ਨਾਲ ਸਬੰਧਤ ਹੈ? ਜੇਕਰ ਉਹ ਪੁਲਿਸ ਕਰਮਚਾਰੀ ਨਹੀਂ ਹੈ ਤਾਂ ਉਸ ਨੂੰ ਈ-ਚਲਾਨ ਮਸ਼ੀਨ ਕਿਸ ਅਧਿਕਾਰ ਤਹਿਤ ਦਿੱਤੀ ਗਈ ਅਤੇ ਉਹ ਲੋਕਾਂ ਦੇ ਚਲਾਨ ਕਿਵੇਂ ਕਰ ਰਿਹਾ ਹੈ?
ਇਹ ਮਾਮਲਾ ਹੁਣ ਪੁਲਿਸ ਕਮਿਸ਼ਨਰੇਟ ਜਲੰਧਰ ਦੇ ਨੌਰਥ ਜ਼ੋਨ ਦੇ ਏਸੀਪੀ ਦੇ ਧਿਆਨ ਵਿੱਚ ਲਿਆਂਦਾ ਜਾਣਾ ਲਾਜ਼ਮੀ ਬਣਦਾ ਹੈ। ਜਨਤਾ ਦੀ ਮੰਗ ਹੈ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਇਹ ਸਪੱਸ਼ਟ ਕੀਤਾ ਜਾਵੇ ਕਿ ਸਿਵਲ ਵਰਦੀ ਵਿੱਚ ਡਿਊਟੀ ਕਰ ਰਹੇ ਵਿਅਕਤੀਆਂ ਦੀ ਪਛਾਣ ਅਤੇ ਅਧਿਕਾਰ ਕੀ ਹਨ। ਜੇਕਰ ਸਾਰੀ ਕਾਰਵਾਈ ਨਿਯਮਾਂ ਅਨੁਸਾਰ ਕੀਤੀ ਜਾ ਰਹੀ ਹੈ ਤਾਂ ਇਸ ਬਾਰੇ ਜਨਤਕ ਤੌਰ ‘ਤੇ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਲੋਕਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਭਰਮ ਨਾ ਰਹੇ। ਜੇਕਰ ਨਿਯਮਾਂ ਦੀ ਉਲੰਘਣਾ ਹੋਈ ਹੈ ਤਾਂ ਸਬੰਧਤ ਜ਼ਿੰਮੇਵਾਰਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

