ਚਾਈਨਾ ਡੋਰ ਮਾਫੀਆ ਨੂੰ ਪੁਲਿਸ ਦੀ ਛੱਤ? ਜਲੰਧਰ ਦੀ ਚੌਂਕੀ ਅੰਦਰ ਵਿਕਰੀ ਦਾ ਖੁਲਾਸਾ
ਜਲੰਧਰ | 22/01/2026
ਜਲੰਧਰ ਵਿੱਚ ਚਾਈਨਾ ਡੋਰ ਖ਼ਿਲਾਫ਼ ਦਿਖਾਵਟੀ ਮੁਹਿੰਮਾਂ ਅਤੇ ਹਕੀਕਤ ਵਿੱਚ ਚੱਲ ਰਹੇ ਗੈਰ-ਕਾਨੂੰਨੀ ਧੰਧੇ ਨੇ ਪੁਲਿਸ ਪ੍ਰਸ਼ਾਸਨ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਥਾਣਾ ਬਸਤੀ ਬਾਵਾ ਖੇਲ ਅਧੀਨ ਆਉਂਦੀ ਲੈਦਰ ਕੰਪਲੈਕਸ ਪੁਲਿਸ ਚੌਂਕੀ ਇਸ ਸਮੇਂ ਵੱਡੇ ਵਿਵਾਦਾਂ ਦੇ ਕੇਂਦਰ ਵਿੱਚ ਹੈ।
ਆਰਟੀਆਈ ਏਜੰਸੀ ਆਫ ਇੰਡੀਆ ਦੇ ਪੰਜਾਬ ਪ੍ਰਧਾਨ ਸੁਮਿਤ ਕੁਮਾਰ ਵੱਲੋਂ ਲਗਾਈ ਸ਼ਿਕਾਇਤ ਮੁਤਾਬਕ, ਚੌਂਕੀ ਦੇ ਅੰਦਰ ਹੀ ਨਜਾਇਜ਼ ਤੌਰ ’ਤੇ ਚਾਈਨਾ ਡੋਰ ਦੇ ਗੱਟੂ ਵੇਚੇ ਜਾ ਰਹੇ ਹਨ। ਦੋਸ਼ ਹੈ ਕਿ ਇਹ ਸਾਰਾ ਗੈਰ-ਕਾਨੂੰਨੀ ਕਾਰੋਬਾਰ ਚੌਂਕੀ ਇੰਚਾਰਜ ਅਜਮੇਰ ਲਾਲ (209 ਜਲੰਧਰ) ਦੀ ਸਿੱਧੀ ਆਗਿਆ ਅਤੇ ਮਿਲੀਭੁਗਤ ਨਾਲ ਚੱਲ ਰਿਹਾ ਹੈ।
ਸ਼ਿਕਾਇਤ ਵਿੱਚ ਸਪਸ਼ਟ ਤੌਰ ’ਤੇ ਦਰਜ ਹੈ ਕਿ 22/01/2026 ਨੂੰ ਰਾਤ 8:15 ਵਜੇ ਤੋਂ 8:45 ਵਜੇ ਤੱਕ ਚੌਂਕੀ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਚਾਈਨਾ ਡੋਰ ਦੀ ਵਿਕਰੀ, ਪੈਸਿਆਂ ਦੀ ਲੈਣ-ਦੇਣ ਅਤੇ ਲੋਕਾਂ ਨੂੰ ਛੱਡਣ ਦੇ ਦ੍ਰਿਸ਼ ਸਪਸ਼ਟ ਤੌਰ ’ਤੇ ਕੈਦ ਹੋਏ ਹਨ।
ਹੈਰਾਨੀਜਨਕ ਗੱਲ ਇਹ ਹੈ ਕਿ ਇੱਕ ਪਾਸੇ ਲੋਕਾਂ ਤੋਂ ਚਾਈਨਾ ਡੋਰ ਫੜ ਕੇ ਉਨ੍ਹਾਂ ’ਤੇ ਪਰਚੇ ਦਰਜ ਕੀਤੇ ਜਾਂਦੇ ਹਨ, ਤੇ ਦੂਜੇ ਪਾਸੇ ਉਹੀ ਡੋਰ ਚੌਂਕੀ ਦੇ ਅੰਦਰੋਂ ਹੀ, ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਣ ਵਾਲੇ ਵਿਅਕਤੀਆਂ ਵੱਲੋਂ ਵੇਚੀ ਜਾ ਰਹੀ ਹੈ। ਇਹ ਸਾਰਾ ਖੇਡ ਕਾਨੂੰਨ ਦੀ ਖੁੱਲ੍ਹੀ ਧੱਜੀਆਂ ਉਡਾਉਣ ਦੇ ਬਰਾਬਰ ਹੈ।
ਇਸ ਮਾਮਲੇ ਵਿੱਚ ਥਾਣਾ ਬਸਤੀ ਬਾਵਾ ਖੇਲ ਦੇ ਐਸਐਚਓ ਜੈ ਇੰਦਰ ਸਿੰਘ (212 JCP Temp.) ਦੀ ਮਿਲੀਭੁਗਤ ਹੋਣ ਦੇ ਵੀ ਗੰਭੀਰ ਦੋਸ਼ ਲਗੇ ਹਨ, ਕਿਉਂਕਿ ਲੈਦਰ ਕੰਪਲੈਕਸ ਪੁਲਿਸ ਚੌਂਕੀ ਉਸੇ ਥਾਣੇ ਦੇ ਅਧੀਨ ਆਉਂਦੀ ਹੈ।
ਇੱਥੇ ਸਭ ਤੋਂ ਵੱਡਾ ਸਵਾਲ ਜਲੰਧਰ ਦੀ ਮਾਨਯੋਗ ਪੁਲਿਸ ਕਮਿਸ਼ਨਰ ਮੈਡਮ ਧਨਪ੍ਰੀਤ ਕੌਰ ’ਤੇ ਖੜ੍ਹਾ ਹੁੰਦਾ ਹੈ। ਜਿੱਥੇ ਇੱਕ ਪਾਸੇ ਉਹ ਚਾਈਨਾ ਡੋਰ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੇ ਵੱਡੇ ਵਾਅਦੇ ਅਤੇ ਦਾਅਵੇ ਕਰ ਰਹੀਆਂ ਹਨ, ਉੱਥੇ ਦੂਜੇ ਪਾਸੇ ਉਨ੍ਹਾਂ ਦੇ ਅਧੀਨ ਥਾਣਿਆਂ ਅਤੇ ਪੁਲਿਸ ਚੌਂਕੀਆਂ ਵਿੱਚ ਹੀ ਚਾਈਨਾ ਡੋਰ ਦੀ ਨਜਾਇਜ਼ ਵਿਕਰੀ ਹੋਣਾ ਕਈ ਸਵਾਲਾਂ ਨੂੰ ਜਨਮ ਦੇ ਰਿਹਾ ਹੈ।
ਸੁਮਿਤ ਕੁਮਾਰ ਨੇ ਮੰਗ ਕੀਤੀ ਹੈ ਕਿ ਉਕਤ ਸਮੇਂ ਦੀ ਸੀਸੀਟੀਵੀ ਫੁਟੇਜ ਤੁਰੰਤ ਜ਼ਬਤ ਕਰਕੇ ਸੁਰੱਖਿਅਤ ਕੀਤੀ ਜਾਵੇ, ਤਾਂ ਜੋ ਕੋਈ ਵੀ ਅਧਿਕਾਰੀ ਸਬੂਤ ਮਿਟਾਉਣ ਦੀ ਕੋਸ਼ਿਸ਼ ਨਾ ਕਰ ਸਕੇ, ਅਤੇ ਦੋਸ਼ੀ ਅਧਿਕਾਰੀਆਂ ’ਤੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ।
ਸਵਾਲ ਇਹ ਹੈ ਕਿ ਜਦੋਂ ਚਾਈਨਾ ਡੋਰ ਖ਼ਿਲਾਫ਼ ਕਾਰਵਾਈ ਦੇ ਦਾਅਵੇ ਮੰਚਾਂ ’ਤੇ ਹੁੰਦੇ ਹਨ, ਪਰ ਹਕੀਕਤ ਵਿੱਚ ਥਾਣਿਆਂ ਦੇ ਅੰਦਰ ਹੀ ਕਾਨੂੰਨ ਵਿਕਦਾ ਹੈ, ਤਾਂ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵਰਦੀ ’ਤੇ ਲੱਗ ਰਹੇ ਦਾਗ ਕਦੋਂ ਧੋਏ ਜਾਣਗੇ? ਲੋਕ ਹੁਣ ਸਿਰਫ਼ ਬਿਆਨਾਂ ਨਹੀਂ, ਸਖ਼ਤ ਕਾਰਵਾਈ ਦੀ ਉਡੀਕ ਕਰ ਰਹੇ ਹਨ।

![]()

