ਜਲੰਧਰ ਵਿੱਚ ਪੱਤਰਕਾਰ ਨਾਲ ਧੱਕੇਸ਼ਾਹੀ ਦਾ ਮਾਮਲਾ ਗਰਮਾਇਆ

ਏਸੀਪੀ ਦਫ਼ਤਰ ਅੰਦਰ ਮੋਬਾਇਲ ਖੋਹ ਕੇ ਚੈਕਿੰਗ, ਨਕਦੀ ਅਤੇ ਮੈਮਰੀ ਕਾਰਡ ਲੈਣ ਦੇ ਦੋਸ਼

ਪੱਤਰਕਾਰ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ, ਉੱਚ ਪੱਧਰੀ ਜਾਂਚ ਦੀ ਮੰਗ

 

ਜਲੰਧਰ, (ਸੁਮਿਤ ਕੁਮਾਰ) 12 ਫ਼ਰਵਰੀ — ਜਲੰਧਰ ਕਮਿਸ਼ਨਰੇਟ ਅਧੀਨ ਆਉਂਦੇ ਏਸੀਪੀ ਵੈਸਟ ਦਫ਼ਤਰ ਨਾਲ ਸੰਬੰਧਿਤ ਇੱਕ ਗੰਭੀਰ ਮਾਮਲੇ ਨੇ ਪੱਤਰਕਾਰ ਭਾਈਚਾਰੇ ਵਿੱਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ। ਕ੍ਰਾਂਤੀਕਾਰੀ ਪ੍ਰੈਸ ਕਲੱਬ ਅਤੇ ਏਕਤਾ ਪ੍ਰੈਸ ਐਸੋਸੀਏਸ਼ਨ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਸਾਥੀ ਪੱਤਰਕਾਰ ਪੰਕਜ ਕੁਮਾਰ ਨਾਲ ਦਫ਼ਤਰ ਅੰਦਰ ਗੈਰਕਾਨੂੰਨੀ ਤਰੀਕੇ ਨਾਲ ਧੱਕੇਸ਼ਾਹੀ ਕੀਤੀ ਗਈ

ਜਥੇਬੰਦੀਆਂ ਮੁਤਾਬਕ 11 ਫ਼ਰਵਰੀ 2026 ਨੂੰ ਪੱਤਰਕਾਰ ਪੰਕਜ ਕੁਮਾਰ ਨੂੰ ਇੱਕ ਵਿਅਕਤੀ ਦੀ ਸ਼ਿਕਾਇਤ ਦੇ ਨਾਮ ’ਤੇ ਦਫ਼ਤਰ ਬੁਲਾਇਆ ਗਿਆ, ਪਰ ਉੱਥੇ ਪਹੁੰਚਣ ’ਤੇ ਨਾ ਕੋਈ ਲਿਖਤੀ ਸ਼ਿਕਾਇਤ ਦਿਖਾਈ ਗਈ ਅਤੇ ਨਾ ਹੀ ਕੋਈ ਮਾਮਲਾ ਦਰਜ ਸੀ। ਇਸ ਦੇ ਬਾਵਜੂਦ ਦੋਸ਼ ਹੈ ਕਿ ਅਧਿਕਾਰੀ ਦੇ ਰੀਡਰ ਵੱਲੋਂ ਉਨ੍ਹਾਂ ਨੂੰ ਜਬਰਦਸਤੀ ਬਿਠਾ ਕੇ ਮੋਬਾਇਲ ਫੋਨ ਖੋਹ ਲਿਆ ਗਿਆ ਅਤੇ ਨਿੱਜੀ ਡਾਟਾ ਦੀ ਜਾਂਚ ਕੀਤੀ ਗਈ।

ਸੰਸਥਾਵਾਂ ਨੇ ਆਰੋਪ ਲਗਾਇਆ ਕਿ ਮੋਬਾਇਲ ਕਵਰ ਵਿੱਚ ਮੌਜੂਦ ₹1500 ਨਕਦ ਰਕਮ ਅਤੇ ਫੋਨ ਦਾ ਮੈਮਰੀ ਕਾਰਡ ਵੀ ਕੱਢ ਲਿਆ ਗਿਆ, ਜਦਕਿ ਇਸ ਸੰਬੰਧੀ ਕੋਈ ਜ਼ਬਤੀ ਕਾਰਵਾਈ ਦਰਜ ਨਹੀਂ ਕੀਤੀ ਗਈ। ਘਟਨਾ ਦੇ ਸਾਰੇ ਦ੍ਰਿਸ਼ ਦਫ਼ਤਰ ਅੰਦਰ ਲੱਗੇ CCTV ਕੈਮਰਿਆਂ ਵਿੱਚ ਰਿਕਾਰਡ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਪ੍ਰੈਸ ਜਥੇਬੰਦੀਆਂ ਨੇ ਇਸ ਕਾਰਵਾਈ ਨੂੰ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਦੱਸਦੇ ਹੋਏ ਕਿਹਾ ਕਿ ਬਿਨਾਂ FIR ਜਾਂ ਕਾਨੂੰਨੀ ਪ੍ਰਕਿਰਿਆ ਮੋਬਾਇਲ ਦੀ ਤਲਾਸ਼ੀ ਕਰਨਾ ਨਿੱਜਤਾ ਦੇ ਹੱਕ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਮਾਮਲਾ ਰਾਜ ਪੱਧਰ ’ਤੇ ਉਠਾਇਆ ਜਾਵੇਗਾ।

ਕ੍ਰਾਂਤੀਕਾਰੀ ਪ੍ਰੈਸ ਕਲੱਬ ਅਤੇ ਏਕਤਾ ਪ੍ਰੈਸ ਐਸੋਸੀਏਸ਼ਨ ਨੇ ਡੀਜੀਪੀ ਪੰਜਾਬ, ਹਿਊਮਨ ਰਾਈਟਸ ਕਮਿਸ਼ਨ ਅਤੇ ਪ੍ਰੈਸ ਕੌਂਸਲ ਆਫ ਇੰਡੀਆ ਨੂੰ ਵੀ ਸ਼ਿਕਾਇਤ ਭੇਜਣ ਦਾ ਐਲਾਨ ਕੀਤਾ ਹੈ ਅਤੇ ਮਾਮਲੇ ਦੀ ਨਿਰਪੱਖ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

ਪੱਤਰਕਾਰ ਜਥੇਬੰਦੀਆਂ ਨੇ ਕਿਹਾ ਕਿ ਇਹ ਲੜਾਈ ਸਿਰਫ਼ ਇੱਕ ਵਿਅਕਤੀ ਦੀ ਨਹੀਂ, ਸਗੋਂ ਪੱਤਰਕਾਰਤਾ ਦੀ ਆਜ਼ਾਦੀ ਅਤੇ ਕਾਨੂੰਨੀ ਪ੍ਰਕਿਰਿਆ ਦੀ ਰੱਖਿਆ ਲਈ ਹੈ।