ਸ਼ਹੀਦ ਭਗਤ ਸਿੰਘ ਕਲੋਨੀ ਵਾਸੀਆਂ ਨੇ ਗੰਦੇ ਨਾਲੇ ਤੇ ਡਿਸਪੋਜ਼ਲ ਮੋਟਰ ਦੀ ਸਮੱਸਿਆ ਸਬੰਧੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਜਲੰਧਰ: (ਮਨਪ੍ਰੀਤ) ਜਲੰਧਰ ਦੀ ਸ਼ਹੀਦ ਭਗਤ ਸਿੰਘ ਕਲੋਨੀ ਦੇ ਵਾਸੀਆਂ ਵੱਲੋਂ ਅੱਜ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਮੁਲਾਕਾਤ ਕਰਕੇ ਕਲੋਨੀ ਵਿੱਚ ਪਿਛਲੇ ਕਈ ਸਾਲਾਂ ਤੋਂ ਚੱਲ ਰਹੀਆਂ ਗੰਭੀਰ ਸਮੱਸਿਆਵਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ।
ਕਲੋਨੀ ਵਾਸੀਆਂ ਨੇ ਦੱਸਿਆ ਕਿ ਪਿਛਲੇ ਅੱਠ–ਨੌ ਸਾਲਾਂ ਤੋਂ ਉਹ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਹਰ ਸਾਲ ਮੀਂਹ ਦੇ ਮੌਸਮ ਦੌਰਾਨ ਘਰਾਂ ਵਿੱਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਕਈ ਵਾਰ ਘਰੇਲੂ ਸਮਾਨ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ।
ਉਹਨਾਂ ਨੇ ਕਿਹਾ ਕਿ ਕਲੋਨੀ ਵਿੱਚੋਂ ਲੰਘਦੇ ਗੰਦੇ ਨਾਲੇ ਨੂੰ ਪੱਕਾ ਕਰਨ ਦੌਰਾਨ ਨਾਲ ਲੱਗਦੀ ਸਾਈਡ ਵਾਲ ਤੋੜ ਦਿੱਤੀ ਗਈ ਸੀ, ਪਰ ਅਜੇ ਤੱਕ ਉਸ ਦੀ ਦੁਬਾਰਾ ਤਾਮੀਰ ਨਹੀਂ ਕੀਤੀ ਗਈ। ਇਸ ਕਾਰਨ ਕਿਸੇ ਵੀ ਸਮੇਂ ਵੱਡੀ ਦੁਰਘਟਨਾ ਹੋ ਸਕਦੀ ਹੈ ਅਤੇ ਜਾਨੀ–ਮਾਲੀ ਨੁਕਸਾਨ ਦਾ ਖਤਰਾ ਬਣਿਆ ਹੋਇਆ ਹੈ।
ਕਲੋਨੀ ਵਾਸੀਆਂ ਮੁਤਾਬਕ ਗੰਦਾ ਨਾਲਾ ਸਮੇਂ ਸਿਰ ਸਾਫ ਨਾ ਹੋਣ ਕਰਕੇ ਬਿਮਾਰੀਆਂ ਫੈਲਣ ਦਾ ਡਰ ਲਗਾਤਾਰ ਵਧ ਰਿਹਾ ਹੈ। ਇਨ੍ਹਾਂ ਦੇ ਨਾਲ ਹੀ ਮੁਹੱਲੇ ਦੇ ਮੇਨ ਗਟਰ ਦੀ ਸਾਲਾਂ ਤੋਂ ਸਾਫ–ਸਫਾਈ ਨਹੀਂ ਹੋਈ, ਜਿਸ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋ ਪਾ ਰਹੀ ਅਤੇ ਗਲੀਆਂ ਵਿੱਚ ਸੀਵਰੇਜ ਬੈਕ ਮਾਰ ਜਾਂਦਾ ਹੈ।
ਉਹਨਾਂ ਇਹ ਵੀ ਦੱਸਿਆ ਕਿ ਜਿਹੜੇ ਡਿਸਪੋਜ਼ਲ ਲੱਗੇ ਹੋਏ ਹਨ, ਉਹਨਾਂ ਵਿੱਚ ਕਦੀ ਵੀ ਗਾਰ ਕਢਾਈ ਨਹੀਂ ਹੋਈ। ਗੰਦੇ ਨਾਲੇ ਉੱਤੇ ਬਣ ਰਹੀਆਂ ਦੋ ਨਵੀਆਂ ਪੁਲੀਆਂ ਵੀ ਕਮਜ਼ੋਰ ਹਾਲਤ ਵਿੱਚ ਹਨ, ਜੋ ਕਿਸੇ ਵੀ ਵੇਲੇ ਬੈਠ ਸਕਦੀਆਂ ਹਨ। ਕਈ ਥਾਵਾਂ ’ਤੇ ਪੀਣ ਵਾਲੇ ਪਾਣੀ ਵਿੱਚ ਮਿੱਟੀ ਆਉਣ ਦੀ ਸ਼ਿਕਾਇਤ ਵੀ ਸਾਹਮਣੇ ਆ ਰਹੀ ਹੈ।
ਮੁਹੱਲਾ ਨਿਵਾਸੀਆਂ ਨੇ ਮੰਗ ਕੀਤੀ ਕਿ:
ਗੰਦੇ ਨਾਲੇ ਦੀ ਸਾਈਡ ਵਾਲ ਤੁਰੰਤ ਤਿਆਰ ਕੀਤੀ ਜਾਵੇ
ਡਿਸਪੋਜ਼ਲ ’ਤੇ ਇੱਕ ਨਵੀਂ ਅਤੇ ਸਮਰੱਥ ਮੋਟਰ ਲਗਾਈ ਜਾਵੇ
ਮੇਨ ਗਟਰ ਅਤੇ ਡਿਸਪੋਜ਼ਲ ਦੀ ਪੂਰੀ ਤਰ੍ਹਾਂ ਸਾਫ–ਸਫਾਈ ਕਰਵਾਈ ਜਾਵੇ
ਕਲੋਨੀ ਦੇ ਪਾਰਕਾਂ ਲਈ ਵੱਖਰਾ ਫੰਡ ਜਾਰੀ ਕੀਤਾ ਜਾਵੇ
ਕਲੋਨੀ ਵਾਸੀਆਂ ਨੇ ਕਮਿਸ਼ਨਰ ਸਾਹਿਬ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਬਰਸਾਤਾਂ ਤੋਂ ਪਹਿਲਾਂ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ, ਤਾਂ ਜੋ ਘਰਾਂ ਵਿੱਚ ਪਾਣੀ ਨਾ ਭਰੇ ਅਤੇ ਕਿਸੇ ਵੀ ਤਰ੍ਹਾਂ ਦਾ ਜਾਨੀ–ਮਾਲੀ ਨੁਕਸਾਨ ਨਾ ਹੋਵੇ।
ਇਸ ਮੌਕੇ ਮੰਗ ਪੱਤਰ ਦੇਣ ਵਾਲਿਆਂ ਵਿੱਚ ਸ੍ਰੀ ਕੇ.ਡੀ. ਭੰਡਾਰੀ, ਸਰਦਾਰ ਗੁਰਦੀਪ ਸਿੰਘ (ਫੌਜੀ), ਕੌਂਸਲਰ ਵਾਰਡ ਨੰਬਰ 82, ਮਨਹਰ ਪਸਾਨ (ਵਾਈਸ ਪ੍ਰੈਸੀਡੈਂਟ ਮੰਡਲ ਨੰਬਰ 2), ਰਾਜ ਟੰਡਨ, ਪ੍ਰਕਾਸ਼ ਰਾਣਾ, ਆਕਾਸ਼ਦੀਪ ਸੇਠੀ, ਰਾਜੀਵ ਕੁਮਾਰ, ਸੁਖਜੀਤ ਸਿੰਘ ਰਹਿਲ, ਮਨੀਸ਼ ਸ਼ਰਮਾ ਅਤੇ ਦੀਪਕ ਆਦਿ ਹਾਜ਼ਰ ਸਨ।