Big Breaking | ਜਲੰਧਰ ਜਲੰਧਰ ‘ਚ ਵੱਡੀ ਵਾਰਦਾਤ: ‘ਆਪ’ ਆਗੂ ਲੱਕੀ ਓਬਰਾਏ ‘ਤੇ ਗੋਲੀਆਂ, ਪੰਜਾਬ ‘ਚ ਗੈਂਗਸਟਰਵਾਦ ਬੇਕਾਬੂ

06 ਫਰਵਰੀ | ਜਲੰਧਰ:( ਸੁਮਿਤ ਕੁਮਾਰ):
ਜਲੰਧਰ ਸ਼ਹਿਰ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ ਦੇ ਆਗੂ ਲੱਕੀ ਓਬਰਾਏ ਨੂੰ ਮਾਡਲ ਟਾਊਨ ਸਥਿਤ ਗੁਰਦੁਆਰਾ ਸਾਹਿਬ ਦੇ ਬਾਹਰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ। ਮਿਲੀ ਜਾਣਕਾਰੀ ਮੁਤਾਬਕ ਲੱਕੀ ਓਬਰਾਏ ਨੂੰ ਪੰਜ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਤੁਰੰਤ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਇਸ ਵਾਰਦਾਤ ਤੋਂ ਬਾਅਦ ਪੂਰੇ ਜਲੰਧਰ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਦਿਨ ਦਿਹਾੜੇ ਧਾਰਮਿਕ ਸਥਾਨ ਦੇ ਬਾਹਰ ਹੋਈ ਗੋਲੀਬਾਰੀ ਨੇ ਕਾਨੂੰਨ-ਵਿਵਸਥਾ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸੂਚਨਾ ਮਿਲਦਿਆਂ ਹੀ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਭਾਲ ਜਾਰੀ ਹੈ।
ਲੱਕੀ ਓਬਰਾਏ ਨੂੰ ਕੈਂਟ ਹਲਕੇ ਦੀ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਲੱਕੀ ਓਬਰਾਏ ਦੀ ਪਤਨੀ ਵੱਲੋਂ ‘ਆਪ’ ਦੀ ਟਿਕਟ ‘ਤੇ ਨਗਰ ਨਿਗਮ ਚੋਣਾਂ ਵੀ ਲੜੀਆਂ ਗਈਆਂ ਸਨ, ਹਾਲਾਂਕਿ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵਾਰਦਾਤ ਸਪਸ਼ਟ ਤੌਰ ‘ਤੇ ਦਰਸਾਉਂਦੀ ਹੈ ਕਿ ਪੰਜਾਬ ਵਿੱਚ ਗੈਂਗਸਟਰਵਾਦ ਤੇ ਅਪਰਾਧੀ ਹੌਸਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਹੁਣ ਮੌਜੂਦਾ ਸਰਕਾਰ ਨਾਲ ਜੁੜੇ ਨੁਮਾਇੰਦੇ ਵੀ ਸੁਰੱਖਿਅਤ ਨਹੀਂ ਰਹੇ, ਜਿਸ ਨਾਲ ਆਮ ਲੋਕਾਂ ਦੀ ਸੁਰੱਖਿਆ ‘ਤੇ ਵੱਡਾ ਸਵਾਲ ਚਿੰਨ੍ਹ ਲੱਗਦਾ ਹੈ।
ਜਲੰਧਰ ਵਰਗੇ ਵੱਡੇ ਸ਼ਹਿਰ ਵਿੱਚ ਇਸ ਤਰ੍ਹਾਂ ਦੀ ਘਟਨਾ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਵਿਚ ਡਰ ਅਤੇ ਗੁੱਸਾ ਦੋਵਾਂ ਹੀ ਵਧ ਰਿਹਾ ਹੈ ਅਤੇ ਸਖ਼ਤ ਕਾਰਵਾਈ ਦੀ ਮੰਗ ਤੇਜ਼ ਹੋ ਰਹੀ ਹੈ।
ਪੰਜਾਬ ‘ਚ ਕਾਨੂੰਨ-ਵਿਵਸਥਾ ਕਿੱਥੇ ਖੜੀ ਹੈ?
ਕੀ ਗੈਂਗਸਟਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਸਿਆਸੀ ਆਗੂ ਵੀ ਨਿਸ਼ਾਨੇ ‘ਤੇ ਹਨ?
ਇਹ ਸਾਰੇ ਸਵਾਲ ਅੱਜ ਜਲੰਧਰ ਦੀ ਇਸ ਵੱਡੀ ਵਾਰਦਾਤ ਤੋਂ ਬਾਅਦ ਜਨਤਾ ਦੇ ਮਨ ਵਿੱਚ ਉੱਭਰ ਰਹੇ ਹਨ।
— ਸੁਮਿਤ ਕੁਮਾਰ
ਅਦਾਰਾ: ਟਾਈਮ ਟੀਵੀ ਪੰਜਾਬ