ਜਲੰਧਰ (ਸੁਮਿਤ ਕੁਮਾਰ) : Jalandhar ਦੇ ਲੰਮਾ ਪਿੰਡ ਚੌਂਕ ਤੋਂ ਪੁਰਾਣੇ ਹੁਸ਼ਿਆਰਪੁਰ ਰੋਡ ਉੱਪਰ ਜਾਂਦੇ ਹੋਏ, ਸ਼ੇਖੇ ਪਿੰਡ ਦੇ ਫਲਾਈਓਵਰ ਤੋਂ ਪਹਿਲਾਂ ਗੁਲਮੋਹਰ ਕਲੋਨੀ ਦੇ ਸਾਹਮਣੇ, ਖੱਬੇ ਹੱਥ ਦੁਕਾਨਾਂ ਦੀ ਮਾਰਕੀਟ ਦੇ ਪਿੱਛੇ ਧੜੱਲੇ ਨਾਲ ਨਜਾਇਜ਼ ਤਰੀਕੇ ਨਾਲ ਕਲੋਨੀ ਕੱਟੀ ਜਾ ਰਹੀ ਹੈ। 
ਮਿਲੀ ਜਾਣਕਾਰੀ ਅਨੁਸਾਰ ਇਸ ਕਲੋਨੀ ਲਈ ਨਾਂ ਤਾਂ ਬਿਲਡਿੰਗ ਵਿਭਾਗ ਵੱਲੋਂ ਕੋਈ ਮਨਜ਼ੂਰੀ ਲਈ ਗਈ ਹੈ ਅਤੇ ਨਾਂ ਹੀ ਕਿਸੇ ਕਿਸਮ ਦੀ ਇੰਪਰੋਵਲ ਜਾਂ ਲਾਇਸੈਂਸ ਹਾਸਲ ਕੀਤਾ ਗਿਆ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਇਸ ਨਜਾਇਜ਼ ਕਲੋਨੀ ਸਬੰਧੀ ਸਰਕਾਰ ਦੇ ਖਾਤੇ ਵਿੱਚ ਕੋਈ ਵੀ ਫੀਸ ਜਾਂ ਚਾਰਜ ਜਮ੍ਹਾਂ ਨਹੀਂ ਕਰਵਾਇਆ ਗਿਆ, ਜਿਸ ਨਾਲ ਸਰਕਾਰੀ ਰੈਵਨਿਊ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।
ਬਿਨਾਂ ਰੋਡ, ਸਿਵਰੇਜ, ਪੀਣ ਵਾਲੇ ਪਾਣੀ ਅਤੇ ਬਿਜਲੀ ਦੀ ਕਾਨੂੰਨੀ ਵਿਵਸਥਾ ਕੀਤੇ ਪਲਾਟ ਤਿਆਰ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਨਗਰ ਨਿਗਮ ਅਤੇ ਬਿਲਡਿੰਗ ਵਿਭਾਗ ਦੇ ਸਬੰਧਤ ਅਧਿਕਾਰੀਆਂ ਦੀ ਚੁੱਪੀ ਇਸ ਮਾਮਲੇ ਵਿੱਚ ਮਿਲੀਭੁਗਤ ਦੇ ਸ਼ੱਕ ਨੂੰ ਹੋਰ ਗਹਿਰਾ ਕਰਦੀ ਹੈ।
ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਨਜਾਇਜ਼ ਕਲੋਨੀ ਖ਼ਿਲਾਫ਼ ਤੁਰੰਤ ਕਾਰਵਾਈ ਕਰਕੇ ਉਸਾਰੀ ਰੋਕੀ ਜਾਵੇ ਅਤੇ ਦੋਸ਼ੀਆਂ ਸਮੇਤ ਮਿਲੀਭੁਗਤ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਦਮ ਚੁੱਕੇ ਜਾਣ।











