ਜਲੰਧਰ (ਸੁਮਿਤ ਕੁਮਾਰ) | ਜਲੰਧਰ ਦੇ ਲੱਧੇਵਾਲੀ ਰੋਡ ਉੱਪਰ ਸਿਟੀ ਵਿਊ ਰੈਜੀਡੈਂਸ਼ਨ ਕਲੋਨੀ ਦੇ ਸਾਹਮਣੇ ਸਥਿਤ ਭਾਰਤ ਪੈਟਰੋਲੀਅਮ ਦੇ ਪੈਟਰੋਲ ਪੰਪ ਦੇ ਪਿਛਲੇ ਹਿੱਸੇ ਵਿੱਚ ਵੱਡੇ ਪੱਧਰ ‘ਤੇ ਨਜਾਇਜ਼ ਕਲੋਨੀ ਕੱਟੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਕਲੋਨੀ ਸੁੱਚੀ ਪਿੰਡ ਨੂੰ ਜਾਣ ਵਾਲੇ ਰਸਤੇ ਵਿੱਚ ਵਿਰਦੀ ਜਠੇਰਿਆਂ ਤੋਂ ਪਹਿਲਾਂ, ਪੈਟਰੋਲ ਪੰਪ ਤੋਂ ਲਗਭਗ 100 ਕਦਮ ਦੀ ਦੂਰੀ ‘ਤੇ ਸੱਜੇ ਪਾਸੇ ਕੱਟੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਕਲੋਨੀ ਪੂਰੀ ਤਰ੍ਹਾਂ ਬਿਨਾਂ ਕਿਸੇ ਐਨਓਸੀ, ਮਨਜ਼ੂਰੀ ਅਤੇ ਲੇਆਉਟ ਪਲਾਨ ਦੇ ਕੱਟੀ ਜਾ ਰਹੀ ਹੈ। ਨਜਾਇਜ਼ ਤਰੀਕੇ ਨਾਲ ਸੜਕਾਂ ਪਾਈਆਂ ਜਾ ਰਹੀਆਂ ਹਨ ਅਤੇ ਕੁਝ ਰਿਹਾਇਸ਼ੀ ਪਲਾਟਾਂ ‘ਤੇ ਜਲਦਬਾਜ਼ੀ ਵਿੱਚ ਉਸਾਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਜੋ ਪ੍ਰਸ਼ਾਸਨ ਦੀ ਕਾਰਵਾਈ ਤੋਂ ਬਚਿਆ ਜਾ ਸਕੇ।
ਸਭ ਤੋਂ ਚੌਕਾਉਣ ਵਾਲੀ ਗੱਲ ਇਹ ਹੈ ਕਿ ਕਲੋਨੀ ਦੇ ਮਾਲਕ ਵੱਲੋਂ ਸ਼ਰੇਆਮ ਬਿਨਾਂ ਐਨਓਸੀ ਦੇ ਪਲਾਟ ਵੇਚੇ ਜਾ ਰਹੇ ਹਨ, ਜਿਸ ਨਾਲ ਸਰਕਾਰ ਦੇ ਸਰਕਾਰੀ ਰੈਵਨਿਊ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਅਤੇ ਆਮ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ। ਇਹ ਸਾਰਾ ਕੰਮ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੇ ਨਿਯਮਾਂ ਦੀ ਸਿੱਧੀ ਉਲੰਘਣਾ ਹੈ।
ਇਸ ਮਾਮਲੇ ਸਬੰਧੀ RTI ਏਜੰਸੀ ਆਫ ਇੰਡੀਆ ਦੇ ਵੱਲੋਂ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਭੇਜੀ ਗਈ ਹੈ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਨਜਾਇਜ਼ ਕਲੋਨੀ ਦੀ ਤੁਰੰਤ ਜਾਂਚ ਕਰਕੇ ਗੈਰਕਾਨੂੰਨੀ ਉਸਾਰੀ ‘ਤੇ ਰੋਕ ਲਗਾਈ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਹੁਣ ਵੇਖਣਾ ਇਹ ਹੋਵੇਗਾ ਕਿ ਜਲੰਧਰ ਪ੍ਰਸ਼ਾਸਨ ਇਸ ਗੰਭੀਰ ਮਾਮਲੇ ‘ਚ ਕਦੋਂ ਤੱਕ ਕਾਰਵਾਈ ਕਰਦਾ ਹੈ ਜਾਂ ਫਿਰ ਨਜਾਇਜ਼ ਕਲੋਨੀਆਂ ਨੂੰ ਖੁੱਲ੍ਹੀ ਛੂਟ ਮਿਲਦੀ ਰਹੇਗੀ।





