ਜਲੰਧਰ, 22 ਫਰਵਰੀ (Time TV Punjab)
ਜਲੰਧਰ ਦੇ ਪਿੰਡ ਖੁਰਲਾ ਕਿੰਗਰਾ ਅੱਡੇ ਦੇ ਬਿਲਕੁਲ ਸਾਹਮਣੇ ਟਾਵਰ ਇਨਕਲੇਵ ਫੇਸ-2 ਨੂੰ ਜਾਣ ਵਾਲੇ ਰਸਤੇ ‘ਤੇ ਇੱਕ ਨਵੀਂ ਨਾਜਾਇਜ਼ ਉਸਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੱਡੇ ਦੇ ਬਿਲਕੁਲ ਸਾਹਮਣੇ ਤੋਂ ਟਾਵਰ ਇਨਕਲੇਵ ਫੇਸ-2 ਵੱਲ ਸਿੱਧਾ ਜਾਂਦੇ ਹੋਏ ਗਿੱਲ ਪ੍ਰੋਪਰਟੀ ਡੀਲਰ ਦੇ ਨਾਲ ਇੱਕ ਦੁਕਾਨ ਦੀ ਉਸਾਰੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ।
ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਹ ਦੁਕਾਨ ਬਿਨਾਂ ਕਿਸੇ ਸਰਕਾਰੀ ਮਨਜ਼ੂਰੀ ਅਤੇ ਬਿਨਾਂ ਨਕਸ਼ਾ ਪਾਸ ਕਰਵਾਏ ਤਿਆਰ ਕੀਤੀ ਜਾ ਰਹੀ ਹੈ। ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀ ਜਾ ਰਹੀ ਇਹ ਉਸਾਰੀ ਨਾ ਸਿਰਫ਼ ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾ ਹੈ, ਸਗੋਂ ਸਰਕਾਰ ਦੇ ਰੈਵੀਨਿਊ ਨੂੰ ਵੀ ਸਿੱਧਾ ਨੁਕਸਾਨ ਪਹੁੰਚਾ ਰਹੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਖੁੱਲ੍ਹੇਆਮ ਹੋ ਰਹੀ ਨਾਜਾਇਜ਼ ਉਸਾਰੀ ਦੇ ਬਾਵਜੂਦ ਸੰਬੰਧਤ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀ ਅਜੇ ਤੱਕ ਕੋਈ ਕਾਰਵਾਈ ਕਰਦੇ ਨਜ਼ਰ ਨਹੀਂ ਆ ਰਹੇ। ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕਰਕੇ ਨਾਜਾਇਜ਼ ਉਸਾਰੀ ਨੂੰ ਰੋਕਿਆ ਜਾਵੇ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਮਾਮਲੇ ਵਿੱਚ ਕਦੋਂ ਤੱਕ ਕਾਰਵਾਈ ਕਰਦਾ ਹੈ ਜਾਂ ਫਿਰ ਇਹ ਨਾਜਾਇਜ਼ ਉਸਾਰੀ ਵੀ ਹੋਰ ਮਾਮਲਿਆਂ ਵਾਂਗ ਕਾਗਜ਼ਾਂ ਵਿੱਚ ਹੀ ਦਬ ਕੇ ਰਹਿ ਜਾਵੇਗੀ।
— Time TV Punjab







