ਪੰਜਾਬ ਵਿੱਚ ਦਿਨ ਦਿਹਾੜੇ 62 ਸਾਲਾਂ ਬੁਜ਼ੁਰਗ ਮਹਿਲਾ ਦੀ ਬੇਰਹਿਮੀ ਨਾਲ ਹੋਈ ਹੱਤਿਆ ਨੇ ਸੂਬੇ ਦੀ ਕਾਨੂੰਨ-ਵਿਵਸਥਾ ਦੀ ਅਸਲ ਤਸਵੀਰ ਨੰਗੀ ਕਰ ਦਿੱਤੀ ਹੈ। ਇਸ ਘਟਨਾ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਸਰਕਾਰ ’ਤੇ ਕਰਾਰਾ ਹਮਲਾ ਕੀਤਾ ਹੈ। 
ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਅੱਜ ਪੂਰੀ ਤਰ੍ਹਾਂ ਗੈਂਗਸਟਰਾਂ ਅਤੇ ਅਪਰਾਧੀਆਂ ਦੇ ਹਵਾਲੇ ਹੋ ਚੁੱਕਾ ਹੈ। ਦਿਨ ਦਿਹਾੜੇ ਹੱਤਿਆ ਹੋ ਜਾਣਾ ਇਹ ਸਾਬਤ ਕਰਦਾ ਹੈ ਕਿ ਅਪਰਾਧੀਆਂ ਨੂੰ ਨਾ ਕਾਨੂੰਨ ਦਾ ਡਰ ਹੈ, ਨਾ ਪੁਲਿਸ ਦਾ। ਉਨ੍ਹਾਂ ਨੇ ਸਿੱਧਾ ਸਵਾਲ ਕੀਤਾ—ਉਹ ਬੁਜ਼ੁਰਗ ਮਹਿਲਾ ਕੌਣ ਸੀ? ਉਸਦਾ ਕੀ ਦੋਸ਼ ਸੀ, ਜਿਸਦੀ ਕੀਮਤ ਉਸਨੇ ਆਪਣੀ ਜਾਨ ਦੇ ਕੇ ਚੁਕਾਈ?
ਉਨ੍ਹਾਂ ਨੇ ਪੰਜਾਬ ਪੁਲਿਸ ਦੀ ਨਾਕਾਮੀ ’ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਗੈਂਗਸਟਰਵਾਦ ਲਗਾਤਾਰ ਵਧ ਰਿਹਾ ਹੈ ਪਰ ਸਰਕਾਰ ਅਤੇ ਪੁਲਿਸ ਸਿਰਫ਼ ਕਾਗਜ਼ੀ ਦਾਅਵਿਆਂ ਤੱਕ ਸੀਮਤ ਹਨ। ਰਾਜਾ ਵੜਿੰਗ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਸੁਰੱਖਿਆ ਦੇਣ ਦੀ ਬਜਾਏ ਇਸ਼ਤਿਹਾਰਾਂ, ਹੋਰਡਿੰਗਾਂ ਅਤੇ ਝੂਠੀ ਵਾਹ-ਵਾਹ ’ਚ ਰੁੱਝੀ ਹੋਈ ਹੈ।
ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਤੁਰੰਤ ਸਖ਼ਤ ਕਦਮ ਨਾ ਚੁੱਕੇ ਤਾਂ ਪੰਜਾਬ ਦਾ ਆਮ ਨਾਗਰਿਕ ਆਪਣੇ ਆਪ ਨੂੰ ਹੋਰ ਵੀ ਅਸੁਰੱਖਿਅਤ ਮਹਿਸੂਸ ਕਰੇਗਾ। “ਪੰਜਾਬ ਨੂੰ ਇਸ਼ਤਿਹਾਰ ਨਹੀਂ, ਸੁਰੱਖਿਆ ਚਾਹੀਦੀ ਹੈ,” ਰਾਜਾ ਵੜਿੰਗ ਨੇ ਦੋ ਟੁੱਕ ਸ਼ਬਦਾਂ ’ਚ ਕਿਹਾ।


