ਅੰਮ੍ਰਿਤਸਰ:
ਪਾਰਕਿੰਗ ਨੂੰ ਲੈ ਕੇ ਨੌਜਵਾਨ ਨਾਲ ਬਦਸਲੂਕੀ ਅਤੇ ਥੱਪੜਮਾਰੀ ਕਰਕੇ ਵਰਦੀ ਦੀ ਮਰਿਆਦਾ ਨੂੰ ਦਾਗ਼ ਲਗਾਉਣ ਵਾਲੇ ਪੁਲਿਸ ਅਧਿਕਾਰੀ ‘ਤੇ ਆਖ਼ਿਰਕਾਰ ਗਾਜ਼ ਡਿੱਗ ਗਈ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵਿਭਾਗ ਨੇ ਦੋਸ਼ੀ ਏ.ਐਸ.ਆਈ. ਰਣਬੀਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ।
ਇਹ ਸਾਰੀ ਘਟਨਾ ਅੰਮ੍ਰਿਤਸਰ ਦੇ ਕ੍ਰਿਸਟਲ ਚੌਕ ਇਲਾਕੇ ਦੀ ਹੈ, ਜਿੱਥੇ ਵਾਹਨ ਪਾਰਕਿੰਗ ਨੂੰ ਲੈ ਕੇ ਪੁਲਿਸ ਕਰਮਚੀ ਅਤੇ ਇੱਕ ਨੌਜਵਾਨ ਵਿਚਾਲੇ ਤਿੱਖੀ ਤਕਰਾਰ ਹੋ ਗਈ। ਗੱਲ-ਬਾਤ ਇੰਨੀ ਵਧ ਗਈ ਕਿ ਏ.ਐਸ.ਆਈ. ਨੇ ਗਾਲ੍ਹਾਂ ਕੱਢਦਿਆਂ ਨੌਜਵਾਨ ਨੂੰ ਸਭ ਦੇ ਸਾਹਮਣੇ ਥੱਪੜ ਜੜ ਦਿੱਤਾ। ਇਹ ਸਾਰਾ ਮਾਮਲਾ ਕੈਮਰੇ ‘ਚ ਕੈਦ ਹੋ ਗਿਆ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।
ਪੀੜਤ ਨੌਜਵਾਨ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦੋਸ਼ੀ ਏ.ਐਸ.ਆਈ. ਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ, ਉਸ ਨਾਲ ਅਸ਼ਲੀਲ ਭਾਸ਼ਾ ਵਰਤੀ ਅਤੇ ਫਿਰ ਮਾਰਪੀਟ ਕੀਤੀ। ਵੀਡੀਓ ਅਤੇ ਸ਼ਿਕਾਇਤ ਸਾਹਮਣੇ ਆਉਂਦਿਆਂ ਹੀ ਮਾਮਲਾ ਗਰਮਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਟਰੈਫਿਕ ਐਸ.ਪੀ. ਅਮਨਜੀਤ ਕੌਰ ਵੱਲੋਂ ਦੋਸ਼ੀ ਪੁਲਿਸ ਕਰਮਚੀ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਸਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ ਹੈ। ਨਾਲ ਹੀ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਰਿਪੋਰਟ ਦੇ ਆਧਾਰ ‘ਤੇ ਅੱਗੇ ਹੋਰ ਵੀ ਸਖ਼ਤ ਕਾਰਵਾਈ ਹੋ ਸਕਦੀ ਹੈ।
👉 ਇਹ ਮਾਮਲਾ ਇੱਕ ਵਾਰ ਫਿਰ ਸਵਾਲ ਖੜੇ ਕਰਦਾ ਹੈ ਕਿ ਕੀ ਵਰਦੀ ਦੇ ਨਾਂ ‘ਤੇ ਆਮ ਲੋਕਾਂ ਨਾਲ ਜ਼ੁਲਮ ਬਰਦਾਸ਼ਤ ਕੀਤਾ ਜਾਵੇਗਾ?



![]()

![]()
![]()



