ਅੰਮ੍ਰਿਤਸਰ (TTP): BSF ਅੰਮ੍ਰਿਤਸਰ ਸੈਕਟਰ ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਨਸ਼ਾ ਤਸਕਰੀ ਦੇ ਜਾਲ ਨੂੰ ਵੱਡਾ ਝਟਕਾ ਦਿੱਤਾ ਹੈ। ਪੁਲਿਸ ਥਾਣਾ ਭਿੜੀ ਸੈਦਾ ਦੇ ਅਧੀਨ ਪੈਂਦੇ ਪਿੰਡ ਘੋਗਾ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ ਸੁਰੱਖਿਆ ਏਜੰਸੀਆਂ ਨੇ ਤਕਰੀਬਨ 125 ਕਰੋੜ ਰੁਪਏ ਦੀ ਹੈਰੋਇਨ, 2 ਪਿਸਤੌਲ ਅਤੇ 60 ਜਿੰਦਾ ਕਾਰਤੂਸ ਬਰਾਮਦ ਕਰਕੇ 2 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਸੁਰੱਖਿਆ ਏਜੰਸੀਆਂ ਨੂੰ ਪੱਕੀ ਸੁਚਨਾ ਮਿਲੀ ਸੀ ਕਿ ਡਰੋਨ ਦੇ ਜ਼ਰੀਏ ਸਰਹੱਦ ਪਾਰੋਂ ਇੱਕ ਵੱਡੀ ਨਸ਼ੀਲੀ ਖੇਪ ਭੇਜੀ ਗਈ ਹੈ, ਜੋ ਤਸਕਰਾਂ ਵੱਲੋਂ ਆਪਣੇ ਘਰ ਵਿੱਚ ਛੁਪਾ ਕੇ ਰੱਖੀ ਗਈ ਹੈ। ਇਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ BSF ਅਤੇ ਦੇਹਾਤੀ ਪੁਲਿਸ ਨੇ ਸਾਂਝਾ ਆਪਰੇਸ਼ਨ ਚਲਾਇਆ ਅਤੇ ਇਹ ਵੱਡੀ ਕਾਮਯਾਬੀ ਹਾਸਲ ਕੀਤੀ।
ਸੂਤਰਾਂ ਅਨੁਸਾਰ ਬਰਾਮਦ ਕੀਤੀ ਗਈ ਹੈਰੋਇਨ ਬਹੁਤ ਉੱਚ ਗੁਣਵੱਤਾ ਦੀ ਹੈ, ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ ਲਗਭਗ 125 ਕਰੋੜ ਰੁਪਏ ਦੱਸੀ ਜਾ ਰਹੀ ਹੈ। ਹਥਿਆਰਾਂ ਅਤੇ ਗੋਲੀ-ਬਾਰੂਦ ਦੀ ਬਰਾਮਦਗੀ ਨੇ ਇਸ ਗੱਲ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ ਕਿ ਨਸ਼ਾ ਤਸਕਰੀ ਨਾਲ ਨਾਲ ਹੋਰ ਅਪਰਾਧਕ ਸਰਗਰਮੀਆਂ ਵੀ ਜੁੜੀਆਂ ਹੋ ਸਕਦੀਆਂ ਹਨ।
ਫਿਲਹਾਲ ਗ੍ਰਿਫ਼ਤਾਰ ਤਸਕਰਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਉਨ੍ਹਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਖੰਗਾਲੇ ਜਾ ਰਹੇ ਹਨ, ਤਾਂ ਜੋ ਇਸ ਨਸ਼ਾ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਤੱਕ ਵੀ ਪਹੁੰਚ ਕੀਤੀ ਜਾ ਸਕੇ। ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ‘ਚ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।
ਇਸ ਕਾਰਵਾਈ ਨੂੰ ਸਰਹੱਦੀ ਇਲਾਕਿਆਂ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਲੜਾਈ ‘ਚ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।


