ਜਲੰਧਰ ਫਗਵਾੜਾ ਗੇਟ ਮਾਰਕੀਟ ‘ਚ ਨਗਰ ਨਿਗਮ ਦੀ ਨੱਕ ਹੇਠਾਂ ਧੜੱਲੇ ਨਾਲ ਗੈਰਕਾਨੂੰਨੀ ਨਿਰਮਾਣ, ਸਿਸਟਮ ਦੀ ਖੁੱਲ੍ਹੀ ਧੱਜੀਆਂ

ਜਲੰਧਰ (ਸੁਮਿਤ ਕੁਮਾਰ):

ਜਲੰਧਰ ਨਗਰ ਨਿਗਮ ਮੁੱਖਾਲੇ ਤੋਂ ਕੁਝ ਹੀ ਦੂਰੀ ‘ਤੇ ਸਥਿਤ ਫਗਵਾੜਾ ਗੇਟ ਮਾਰਕੀਟ ਇਸ ਵੇਲੇ ਗੈਰਕਾਨੂੰਨੀ ਨਿਰਮਾਣ ਦਾ ਕੇਂਦਰ ਬਣੀ ਹੋਈ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਇੱਥੇ ਨਗਰ ਨਿਗਮ ਵੱਲੋਂ ਕਈ ਸਾਲਾਂ ਤੋਂ ਸੀਲ ਕੀਤੀ ਇਕ ਇਮਾਰਤ ਦੀ ਨਾ ਸਿਰਫ਼ ਸੀਲ ਤੋੜੀ ਗਈ, ਸਗੋਂ ਉਸ ਉੱਪਰ ਧੜੱਲੇ ਨਾਲ ਤਿੰਨ ਮੰਜ਼ਿਲਾ ਕਾਮਰਸ਼ੀਅਲ ਇਮਾਰਤ ਵੀ ਤਿਆਰ ਕਰ ਦਿੱਤੀ ਗਈ। ਇਥੇ ਤੱਕ ਕਿ ਇਮਾਰਤ ਵਿੱਚ ਲਿਫਟ ਵੀ ਲਗਾ ਦਿੱਤੀ ਗਈ, ਪਰ ਨਗਰ ਨਿਗਮ ਅੱਖਾਂ ਮੂੰਦ ਕੇ ਬੈਠਾ ਰਿਹਾ।

ਸਵਾਲ ਇਹ ਉਠਦਾ ਹੈ ਕਿ ਜੇ ਨਗਰ ਨਿਗਮ ਨੇ ਖੁਦ ਇਮਾਰਤ ਨੂੰ ਸੀਲ ਕੀਤਾ ਸੀ ਤਾਂ ਫਿਰ ਸੀਲ ਤੋੜ ਕੇ ਇੰਨਾ ਵੱਡਾ ਨਿਰਮਾਣ ਕਿਵੇਂ ਹੋ ਗਿਆ? ਕੀ ਇਹ ਸਭ ਕੁਝ ਬਿਨਾਂ ਕਿਸੇ ਅਧਿਕਾਰੀ ਦੀ ਮਿਲੀਭਗਤ ਤੋਂ ਸੰਭਵ ਹੈ? ਇਹ ਮਾਮਲਾ ਸਿੱਧੇ ਤੌਰ ‘ਤੇ ਨਗਰ ਨਿਗਮ ਦੀ ਕਾਰਗੁਜ਼ਾਰੀ ਅਤੇ ਇਮਾਨਦਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

ਇਸੇ ਤਰ੍ਹਾਂ ਫਗਵਾੜਾ ਗੇਟ ਮਾਰਕੀਟ ਵਿੱਚ ਸੰਗਮ ਕਾਮਪਲੈਕਸ ਦੇ ਸਾਹਮਣੇ MK Electric ਵੱਲੋਂ ਵੱਡੇ-ਵੱਡੇ ਸ਼ੋਰੂਮ ਤਿਆਰ ਕਰ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਕੰਮ ਨਗਰ ਨਿਗਮ ਦੀਆਂ ਮਨਜ਼ੂਰੀਆਂ ਤੋਂ ਬਿਨਾਂ ਕੀਤਾ ਗਿਆ, ਜਿਸ ਨਾਲ ਨਗਰ ਨਿਗਮ ਨੂੰ ਲੱਖਾਂ ਰੁਪਏ ਦੇ ਰੇਵਨਿਊ ਦਾ ਨੁਕਸਾਨ ਹੋਇਆ ਹੈ।

ਫਗਵਾੜਾ ਗੇਟ ਵਰਗੇ ਸੰਵੇਦਨਸ਼ੀਲ ਅਤੇ ਭੀੜਭਾੜ ਵਾਲੇ ਇਲਾਕੇ ਵਿੱਚ ਗੈਰਕਾਨੂੰਨੀ ਨਿਰਮਾਣ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹੈ, ਸਗੋਂ ਆਮ ਲੋਕਾਂ ਦੀ ਸੁਰੱਖਿਆ ਨਾਲ ਵੀ ਖਿਲਵਾਡ਼ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਕੀ ਨਗਰ ਨਿਗਮ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰੇਗਾ ਜਾਂ ਫਿਰ ਇਹ ਮਾਮਲਾ ਵੀ ਫ਼ਾਈਲਾਂ ‘ਚ ਹੀ ਦੱਬ ਕੇ ਰਹਿ ਜਾਵੇਗਾ?

ਸ਼ਹਿਰ ਦੇ ਲੋਕ ਮੰਗ ਕਰ ਰਹੇ ਹਨ ਕਿ ਇਸ ਗੰਭੀਰ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਜਿਹੜੇ ਅਧਿਕਾਰੀ ਤੇ ਬਿਲਡਰ ਇਸ ਗੈਰਕਾਨੂੰਨੀ ਨਿਰਮਾਣ ਲਈ ਜ਼ਿੰਮੇਵਾਰ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।