🔴 ਐਕਸਕਲੂਸਿਵ ਰਿਪੋਰਟ | ਅਦਾਰਾ ਟਾਈਮ ਟੀਵੀ ਪੰਜਾਬ
ਜਲੰਧਰ (ਸੁਮਿਤ ਕੁਮਾਰ): ਜਲੰਧਰ ਦੇ ਢਿਲਵਾਂ ਚੌਂਕ ਤੋਂ ਤਲਨ ਵਾਲੇ ਰੋਡ ‘ਤੇ, ਢਿੱਲੋ ਰਿਸੋਰਟ ਤੋਂ ਕੁਝ ਹੀ ਦੂਰੀ ‘ਤੇ ਅਤੇ ਹਾਈ ਫਾਈ ਕਲੈਕਸ਼ਨ ਨਾਲ ਲੱਗਦੀ ਗਲੀ ਦੇ ਅੰਦਰ ਕਰੀਬ ਚਾਰ ਏਕੜ ਜ਼ਮੀਨ ‘ਤੇ ਨਜਾਇਜ਼ ਤਰੀਕੇ ਨਾਲ ਕਲੋਨੀ ਕੱਟ ਕੇ ਪਲਾਟਾਂ ਦੀ ਖੁੱਲ੍ਹੇਆਮ ਵਿਕਰੀ ਕੀਤੀ ਜਾ ਰਹੀ ਹੈ। ਮੌਕੇ ‘ਤੇ ਸਪੱਸ਼ਟ ਤੌਰ ‘ਤੇ ਪਲਾਟਾਂ ਦੀ ਵੰਡ ਕਰ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਕਿਸੇ ਵੀ ਕਾਨੂੰਨੀ ਮਨਜ਼ੂਰੀ ਤੋਂ ਬਿਨਾਂ ਪਲਾਟ ਵੇਚੇ ਜਾ ਰਹੇ ਹਨ।
ਇਸ ਗੈਰਕਾਨੂੰਨੀ ਕਲੋਨੀ ਦੀ ਕਟਾਈ ਪੂਰੀ ਤਰ੍ਹਾਂ ਬੇਖੌਫ ਹੋ ਕੇ ਕੀਤੀ ਜਾ ਰਹੀ ਹੈ, ਜਿਸ ਨਾਲ ਸਪੱਸ਼ਟ ਹੁੰਦਾ ਹੈ ਕਿ ਕਲੋਨਾਈਜ਼ਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਕਾਨੂੰਨੀ ਡਰ ਨਹੀਂ ਹੈ। ਆਮ ਲੋਕਾਂ ਨੂੰ ਸੁਵਿਧਾਵਾਂ ਅਤੇ ਕਾਨੂੰਨੀ ਹੋਣ ਦੇ ਝੂਠੇ ਵਾਅਦੇ ਕਰਕੇ ਲੱਖਾਂ ਰੁਪਏ ਦੀ ਸ਼ਰੇਆਮ ਠੱਗੀ ਕੀਤੀ ਜਾ ਰਹੀ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਵੱਡੀ ਪੱਧਰ ‘ਤੇ ਹੋ ਰਹੀ ਇਸ ਨਜਾਇਜ਼ ਕਲੋਨੀ ਦੀ ਕਟਾਈ ਦੇ ਬਾਵਜੂਦ ਨਗਰ ਨਿਗਮ ਦਾ ਬਿਲਡਿੰਗ ਵਿਭਾਗ ਅਜੇ ਤੱਕ ਚੁੱਪੀ ਸਾਧ ਕੇ ਬੈਠਾ ਹੈ। ਜਿੱਥੇ ਇੱਕ ਪਾਸੇ ਆਮ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਲਈ ਮਜਬੂਰ ਕੀਤਾ ਜਾਂਦਾ ਹੈ, ਉੱਥੇ ਹੀ ਦੂਜੇ ਪਾਸੇ ਕਲੋਨਾਈਜ਼ਰਾਂ ਵੱਲੋਂ ਦਿਨ ਦਿਹਾੜੇ ਕਾਨੂੰਨਾਂ ਦੀ ਉਲੰਘਣਾ ਕਰਕੇ ਆਪਣਾ ਗੈਰਕਾਨੂੰਨੀ ਧੰਧਾ ਚਲਾਇਆ ਜਾ ਰਿਹਾ ਹੈ।
ਸਥਾਨਕ ਇਲਾਕਾ ਵਾਸੀਆਂ ਨੇ ਦੱਸਿਆ ਕਿ ਮੌਕੇ ‘ਤੇ ਬਿਨਾਂ ਕਿਸੇ ਮਨਜ਼ੂਰੀ ਦੇ ਸੜਕਾਂ ਅਤੇ ਪਲਾਟਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਤੁਰੰਤ ਪਲਾਟ ਖਰੀਦਣ ਲਈ ਉਕਸਾਇਆ ਜਾ ਰਿਹਾ ਹੈ। ਇਸ ਤਰ੍ਹਾਂ ਦੀਆਂ ਗੈਰਕਾਨੂੰਨੀ ਕਲੋਨੀਆਂ ਭਵਿੱਖ ਵਿੱਚ ਖਰੀਦਦਾਰਾਂ ਲਈ ਵੱਡੀ ਮੁਸੀਬਤ ਬਣ ਸਕਦੀਆਂ ਹਨ, ਜਿੱਥੇ ਨਾ ਕੋਈ ਬੁਨਿਆਦੀ ਸੁਵਿਧਾ ਮਿਲਦੀ ਹੈ ਅਤੇ ਨਾ ਹੀ ਕਾਨੂੰਨੀ ਸੁਰੱਖਿਆ।
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਿਰ ਨਗਰ ਨਿਗਮ ਦਾ ਬਿਲਡਿੰਗ ਵਿਭਾਗ ਇਸ ਸਾਰੀ ਕਾਰਵਾਈ ਤੋਂ ਅਣਜਾਣ ਕਿਵੇਂ ਰਹਿ ਸਕਦਾ ਹੈ ਜਾਂ ਫਿਰ ਇਹ ਸਾਰਾ ਕੁਝ ਕਿਸੇ ਮਿਲੀਭੁਗਤ ਦਾ ਨਤੀਜਾ ਹੈ?
ਅਦਾਰਾ ਟਾਈਮ ਟੀਵੀ ਪੰਜਾਬ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਨਿਗਰਾਨੀ ਕਰ ਰਿਹਾ ਹੈ ਅਤੇ ਜਲਦੀ ਹੀ ਇਸ ਮਾਮਲੇ ਨਾਲ ਜੁੜੇ ਹੋਰ ਵੱਡੇ ਖੁਲਾਸੇ ਵੀ ਸਾਹਮਣੇ ਲਿਆਂਦੇ ਜਾਣਗੇ





