11 ਮਾਰਚ ਤੱਕ ਕਾਰਵਾਈ ਨਾ ਹੋਈ ਤਾਂ ਡੀਆਈਜੀ ਦਫਤਰ ਬਾਹਰ ਥਾਲੀਆਂ-ਚਮਚੇ ਖੜਕਾ ਕੇ ਜਗਾਈ ਜਾਵੇਗੀ ਪੁਲਿਸ
ਜਲੰਧਰ, 8 ਮਾਰਚ:
ਚਾਈਨਾ ਡੋਰ ਦੇ ਮਾਮਲੇ ਨੂੰ ਲੈ ਕੇ ਦੇਹਾਂਤੀ ਪੁਲਿਸ ਦੀ ਕਾਰਵਾਈ ਉੱਤੇ ਸਵਾਲ ਖੜੇ ਕਰਦਿਆਂ ਤਹਿਲਕਾ ਪੰਜਾਬ ਐਂਟੀ ਕੁਰੱਪਸ਼ਨ ਸੁਸਾਇਟੀ (ਰਜਿ.) ਦੇ ਆਰਗੇਨਾਈਜ਼ਰ ਰਾਜ ਕੁਮਾਰ ਅਰੋੜਾ ਨੇ ਕਿਹਾ ਹੈ ਕਿ ਪੁਲਿਸ ਇਸ ਮਸਲੇ ਵਿੱਚ “ਕੁੰਭਕਰਨੀ ਨੀਂਦ” ਸੋ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ 11 ਮਾਰਚ ਤੱਕ ਕੋਈ ਢੁੱਕਵੀਂ ਕਾਰਵਾਈ ਨਾ ਹੋਈ ਤਾਂ ਡੀਆਈਜੀ ਦਫਤਰ ਦੇ ਬਾਹਰ ਥਾਲੀਆਂ-ਚਮਚੇ ਖੜਕਾ ਕੇ ਪੁਲਿਸ ਨੂੰ ਜਗਾਉਣ ਲਈ ਪ੍ਰਦਰਸ਼ਨ ਕੀਤਾ ਜਾਵੇਗਾ।
ਇੱਕ ਭੇਟਵਾਰਤਾ ਦੌਰਾਨ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ 26 ਜਨਵਰੀ ਨੂੰ ਜਿੱਥੇ ਸਾਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਸੀ, ਉੱਥੇ ਦੂਜੇ ਪਾਸੇ ਦੋ ਕਥਿਤ ਫੇਕ ਨਿਊਜ਼ ਚੈਨਲਾਂ ਨੇ ਆਪਣੀਆਂ ਟੀਮਾਂ ਬਣਾਕੇ ਵੱਖ-ਵੱਖ ਥਾਵਾਂ ‘ਤੇ ਛਾਪੇ ਮਾਰੇ ਸਨ। ਉਨ੍ਹਾਂ ਦੇ ਦਾਅਵੇ ਅਨੁਸਾਰ ਫਿਲੋਰ ਦੇ ਨਜ਼ਦੀਕੀ ਪਿੰਡ ਪਾਂਸਲਾ ਅਤੇ ਫਗਵਾੜਾ ਦੇ ਨਜ਼ਦੀਕੀ ਪਿੰਡ ਢੱਕ ਪੰਡੋਰੀ ਵਿੱਚ ਭਾਰੀ ਗਿਣਤੀ ਵਿੱਚ ਚਾਈਨਾ ਡੋਰ ਦੇ ਗੱਟੂ ਬਰਾਮਦ ਕੀਤੇ ਗਏ ਸਨ ਅਤੇ ਇਸ ਸਬੰਧੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀਆਂ ਗਈਆਂ ਸਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਬਰਾਮਦ ਕੀਤੀ ਚਾਈਨਾ ਡੋਰ ਕਿੱਥੇ ਗਾਇਬ ਹੋ ਗਈ, ਇਸ ਬਾਰੇ ਅਜੇ ਤੱਕ ਕੋਈ ਸਪੱਸ਼ਟਤਾ ਨਹੀਂ ਮਿਲੀ।
ਅਰੋੜਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ 26 ਜਨਵਰੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਅਤੇ 9 ਫਰਵਰੀ ਨੂੰ ਰਿਮਾਈਂਡਰ ਵੀ ਦਿੱਤਾ ਗਿਆ। ਇਸ ਦੌਰਾਨ ਪਤਾ ਲੱਗਿਆ ਕਿ ਸ਼ਿਕਾਇਤ ਡੀਐਸਪੀ ਫਿਲੋਰ ਨੂੰ ਭੇਜੀ ਗਈ ਹੈ, ਜਦਕਿ ਪਿੰਡ ਪਾਂਸਲਾ ਡੀਐਸਪੀ ਨਕੋਦਰ ਦੇ ਅਧੀਨ ਆਉਂਦਾ ਹੈ। ਇਸ ਗਲਤਫਹਿਮੀ ਕਾਰਨ ਮਾਮਲਾ ਅਜੇ ਤੱਕ ਅਟਕਿਆ ਪਿਆ ਹੈ। ਬਾਅਦ ਵਿੱਚ ਡੀਆਈਜੀ ਦਫਤਰ ਵਿੱਚ ਵੀ ਸ਼ਿਕਾਇਤ ਕੀਤੀ ਗਈ ਪਰ ਉਹ ਵੀ ਮੁੜ ਡੀਐਸਪੀ ਫਿਲੋਰ ਕੋਲ ਹੀ ਭੇਜ ਦਿੱਤੀ ਗਈ ਅਤੇ ਹੁਣ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ।
ਉਨ੍ਹਾਂ ਦੋਸ਼ ਲਗਾਇਆ ਕਿ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੋਈ ਮਿਲੀਭੁਗਤ ਹੋ ਸਕਦੀ ਹੈ ਅਤੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਸਮਾਜਿਕ ਸੰਸਥਾਵਾਂ ਇਸ ਮਸਲੇ ਨੂੰ ਦਬਣ ਨਹੀਂ ਦੇਣਗੀਆਂ ਅਤੇ ਜਰੂਰਤ ਪਈ ਤਾਂ ਕਾਨੂੰਨੀ ਰਸਤਾ ਵੀ ਅਪਣਾਇਆ ਜਾਵੇਗਾ।
ਅਰੋੜਾ ਨੇ ਕਿਹਾ ਕਿ ਚਾਈਨਾ ਡੋਰ ਇਕ ਜਾਨਲੇਵਾ ਸਮੱਸਿਆ ਬਣ ਚੁੱਕੀ ਹੈ। ਉਨ੍ਹਾਂ ਯਾਦ ਦਿਵਾਇਆ ਕਿ 24 ਜਨਵਰੀ ਨੂੰ ਸਮਰਾਲਾ ਨੇੜੇ ਇੱਕ 15 ਸਾਲਾ ਨੌਜਵਾਨ ਇਸ ਦੀ ਲਪੇਟ ਵਿੱਚ ਆ ਕੇ ਆਪਣੀ ਜਾਨ ਗੁਆ ਬੈਠਾ ਸੀ, ਜਦਕਿ 25 ਜਨਵਰੀ ਨੂੰ ਮੁੱਲਾਂਪੁਰ ਨੇੜੇ ਕਰੀਬ 40-45 ਸਾਲ ਦੀ ਇੱਕ ਮਹਿਲਾ ਵੀ ਇਸ ਮੌਤਬਾਰ ਡੋਰ ਦਾ ਸ਼ਿਕਾਰ ਹੋ ਗਈ ਸੀ। ਇਸ ਦੇ ਬਾਵਜੂਦ ਪੁਲਿਸ ਵੱਲੋਂ ਸਖਤ ਕਾਰਵਾਈ ਨਾ ਹੋਣਾ ਚਿੰਤਾ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਦੇ ਡੀਜੀਪੀ, ਮੁੱਖ ਮੰਤਰੀ, ਹਿਊਮਨ ਰਾਈਟਸ ਕਮਿਸ਼ਨ ਸਮੇਤ ਕਈ ਅਧਿਕਾਰੀਆਂ ਨੂੰ ਡਾਕ, ਈ-ਮੇਲ ਅਤੇ ਵਟਸਐਪ ਰਾਹੀਂ ਵੀ ਸ਼ਿਕਾਇਤਾਂ ਭੇਜੀਆਂ ਗਈਆਂ ਹਨ, ਪਰ ਹਾਲੇ ਤੱਕ ਹਾਲਾਤ ਜਿਵੇਂ ਦੇ ਤਿਵੇਂ ਹਨ।
ਅੰਤ ਵਿੱਚ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ 11 ਮਾਰਚ ਤੱਕ ਕਾਰਵਾਈ ਨਾ ਹੋਈ ਤਾਂ ਡੀਆਈਜੀ ਦਫਤਰ ਦੇ ਬਾਹਰ ਪ੍ਰਦਰਸ਼ਨ ਕਰਕੇ ਪੁਲਿਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਇਸ ਮਾਮਲੇ ਵਿੱਚ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ।


