ਕਮਿਸ਼ਨਰ ਸੰਦੀਪ ਰਿਸ਼ੀ ਦੇ ਰਾਜ ‘ਚ ਬਿਲਡਿੰਗ ਵਿਭਾਗ ਸੁੱਤਾ! ਭਾਗ 3
ਜਲੰਧਰ (ਸੁਮਿਤ ਕੁਮਾਰ):
ਜਲੰਧਰ ਸ਼ਹਿਰ ਵਿੱਚ ਕਥਿਤ ਗੈਰ-ਕਾਨੂੰਨੀ ਉਸਾਰੀਆਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਬਸਤੀ ਸ਼ੇਖ ਅਤੇ ਲੰਮਾ ਪਿੰਡ–ਕਿਸ਼ਨਪੁਰਾ ਰੋਡ ਤੋਂ ਬਾਅਦ ਹੁਣ ਇੱਕ ਹੋਰ ਨਵਾਂ ਮਾਮਲਾ ਕੁੱਕੀ ਢਾਬ ਚੌਂਕ ਤੋਂ ਮਿੱਠਾਪੁਰ ਚੌਂਕ ਵੱਲ ਜਾਣ ਵਾਲੇ ਰਸਤੇ ਤੋਂ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ, ਕੁੱਕੀ ਢਾਬ ਚੌਂਕ ਤੋਂ ਮਿੱਠਾਪੁਰ ਚੌਂਕ ਵੱਲ ਜਾਂਦੇ ਹੋਏ ਅਲਟੀਮੇਟ ਸਲਿਊਸ਼ਨ ਕਾਰ ਵਾਸ਼ਿੰਗ ਸੈਂਟਰ ਦੇ ਬਿਲਕੁਲ ਨਜ਼ਦੀਕ ਸੱਜੇ ਪਾਸੇ ਇੱਕ ਦੁਕਾਨ ਦੀ ਉਸਾਰੀ ਕੀਤੀ ਜਾ ਰਹੀ ਹੈ। ਦੋਸ਼ ਹੈ ਕਿ ਇਹ ਨਿਰਮਾਣ ਬਿਨਾਂ ਮਨਜ਼ੂਰਸ਼ੁਦਾ ਨਕਸ਼ੇ ਅਤੇ ਲੋੜੀਂਦੀਆਂ ਮਨਜ਼ੂਰੀਆਂ ਤੋਂ ਬਿਨਾਂ ਕੀਤਾ ਜਾ ਰਿਹਾ ਹੈ ਅਤੇ ਨਗਰ ਨਿਗਮ ਦੇ ਬਿਲਡਿੰਗ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ।
ਸ਼ਿਕਾਇਤਕਰਤਾਵਾਂ ਦਾ ਦਾਅਵਾ ਹੈ ਕਿ ਇਸ ਤਰ੍ਹਾਂ ਦੀਆਂ ਕਥਿਤ ਗੈਰ-ਕਾਨੂੰਨੀ ਉਸਾਰੀਆਂ ਕਾਰਨ ਸਰਕਾਰ ਨੂੰ ਰੈਵਨਿਊ ਦਾ ਨੁਕਸਾਨ ਹੋ ਰਿਹਾ ਹੈ ਅਤੇ ਸ਼ਹਿਰੀ ਯੋਜਨਾਬੰਦੀ ‘ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਭਵਿੱਖ ਵਿੱਚ ਟ੍ਰੈਫਿਕ, ਪਾਰਕਿੰਗ ਅਤੇ ਹੋਰ ਨਾਗਰਿਕ ਸਹੂਲਤਾਂ ਨਾਲ ਜੁੜੀਆਂ ਸਮੱਸਿਆਵਾਂ ਹੋਰ ਵਧ ਸਕਦੀਆਂ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਗਰ ਨਿਗਮ ਦਾ ਬਿਲਡਿੰਗ ਵਿਭਾਗ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਏ ਤਾਂ ਅਜਿਹੀਆਂ ਕਥਿਤ ਗੈਰ-ਕਾਨੂੰਨੀ ਉਸਾਰੀਆਂ ‘ਤੇ ਰੋਕ ਲਗਾਈ ਜਾ ਸਕਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਜਲੰਧਰ ਇਸ ਮਾਮਲੇ ਵਿੱਚ ਮੌਕੇ ‘ਤੇ ਜਾਂਚ ਕਰਦਾ ਹੈ ਜਾਂ ਨਹੀਂ ਅਤੇ ਜੇਕਰ ਨਿਯਮਾਂ ਦੀ ਉਲੰਘਣਾ ਮਿਲਦੀ ਹੈ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ।
ਨੋਟ: ਉਪਰੋਕਤ ਦੋਸ਼ ਸ਼ਿਕਾਇਤਕਰਤਾਵਾਂ ਅਤੇ ਸਥਾਨਕ ਸੂਤਰਾਂ ਵੱਲੋਂ ਲਗਾਏ ਗਏ ਹਨ। ਸੰਬੰਧਿਤ ਪੱਖ ਅਤੇ ਨਗਰ ਨਿਗਮ ਦਾ ਪੱਖ ਪ੍ਰਾਪਤ ਹੋਣ ‘ਤੇ ਉਸ ਨੂੰ ਵੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ।
