ਜਲੰਧਰ (ਸੁਮਿਤ ਕੁਮਾਰ) :- ਜਲੰਧਰ ਸ਼ਹਿਰ ਵਿੱਚ ਇਸ ਸਮੇਂ ਘਰੇਲੂ ਗੈਸ ਸਿਲੰਡਰਾਂ ਦੀ ਕਮੀ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਇਲਾਕਿਆਂ ਵਿੱਚ ਲੋਕਾਂ ਨੂੰ ਆਪਣੀ ਬੁਕਿੰਗ ਦੇ ਬਾਵਜੂਦ ਵੀ ਸਮੇਂ ਸਿਰ ਸਿਲੰਡਰ ਨਹੀਂ ਮਿਲ ਰਹੇ, ਜਿਸ ਕਰਕੇ ਘਰਾਂ ਵਿੱਚ ਰੋਜ਼ਮਰਰਾ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ।
ਦੂਜੇ ਪਾਸੇ ਸ਼ਹਿਰ ਦੀਆਂ ਸੜਕਾਂ ਤੇ ਲੱਗੀਆਂ ਫਾਸਟ ਫੂਡ ਅਤੇ ਖਾਣ-ਪੀਣ ਦੀਆਂ ਰੇੜੀਆਂ ‘ਤੇ ਘਰੇਲੂ ਗੈਸ ਸਿਲੰਡਰ ਸ਼ਰੇਆਮ ਵਰਤੇ ਜਾ ਰਹੇ ਹਨ। ਇਸ ਨਾਲ ਇਹ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਜੇ ਘਰਾਂ ਲਈ ਸਿਲੰਡਰਾਂ ਦੀ ਕਮੀ ਹੈ ਤਾਂ ਇਹ ਸਿਲੰਡਰ ਰੇੜੀਆਂ ਅਤੇ ਵਪਾਰਕ ਵਰਤੋਂ ਲਈ ਕਿਵੇਂ ਪਹੁੰਚ ਰਹੇ ਹਨ।
ਸ਼ਹਿਰ ਦੇ ਕਈ ਇਲਾਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਰੋਜ਼ਾਨਾ ਖਾਣ-ਪੀਣ ਦੀਆਂ ਰੇੜੀਆਂ ‘ਤੇ ਘਰੇਲੂ ਸਿਲੰਡਰ ਵਰਤੇ ਜਾ ਰਹੇ ਹਨ, ਜਦਕਿ ਨਿਯਮਾਂ ਅਨੁਸਾਰ ਵਪਾਰਕ ਕੰਮ ਲਈ ਕਮਰਸ਼ੀਅਲ ਸਿਲੰਡਰ ਦੀ ਵਰਤੋਂ ਹੋਣੀ ਚਾਹੀਦੀ ਹੈ। ਦੋਸ਼ ਲੱਗ ਰਹੇ ਹਨ ਕਿ ਕੁਝ ਗੈਸ ਏਜੰਸੀਆਂ ਅਤੇ ਉਨ੍ਹਾਂ ਦੇ ਕਰਿੰਦਿਆਂ ਵੱਲੋਂ ਬਿਨਾਂ ਓਟੀਪੀ ਅਤੇ ਬਿਨਾਂ ਬੁਕਿੰਗ ਦੇ ਸਿਲੰਡਰ ਦਿੱਤੇ ਜਾ ਰਹੇ ਹਨ, ਜੋ ਬਾਅਦ ਵਿੱਚ ਬਲੈਕ ਮਾਰਕੀਟ ਵਿੱਚ ਮਹਿੰਗੇ ਭਾਅ ‘ਤੇ ਵੇਚੇ ਜਾਂਦੇ ਹਨ।
ਜਾਣਕਾਰੀ ਮੁਤਾਬਕ ਜਿੱਥੇ ਸਰਕਾਰੀ ਦਰਾਂ ਮੁਤਾਬਕ ਘਰੇਲੂ ਸਿਲੰਡਰ ਦੀ ਕੀਮਤ ਕਰੀਬ 800 ਤੋਂ 900 ਰੁਪਏ ਹੈ, ਉੱਥੇ ਬਲੈਕ ਵਿੱਚ ਇਹੀ ਸਿਲੰਡਰ 1300 ਤੋਂ 1500 ਰੁਪਏ ਤੱਕ ਵੇਚਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਜਦੋਂ ਸ਼ਹਿਰ ਵਿੱਚ ਕਮੀ ਵੱਧ ਜਾਂਦੀ ਹੈ ਤਾਂ ਇਹ ਕੀਮਤ 2000 ਤੋਂ 2500 ਰੁਪਏ ਤੱਕ ਪਹੁੰਚ ਜਾਂਦੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਆਮ ਪਰਿਵਾਰ ਲਾਈਨਾਂ ਵਿੱਚ ਖੜ੍ਹੇ ਹੋ ਕੇ ਵੀ ਸਿਲੰਡਰ ਨਹੀਂ ਲੈ ਸਕਦੇ, ਪਰ ਕੁਝ ਲੋਕ ਜੋ ਰੋਜ਼ਾਨਾ ਬਲੈਕ ਵਿੱਚ ਸਿਲੰਡਰ ਖਰੀਦਦੇ ਹਨ, ਉਨ੍ਹਾਂ ਨੂੰ ਉਸੇ ਦਿਨ ਆਸਾਨੀ ਨਾਲ ਸਿਲੰਡਰ ਮਿਲ ਜਾਂਦਾ ਹੈ। ਇਸ ਸਥਿਤੀ ਨੇ ਪ੍ਰਸ਼ਾਸਨ ਅਤੇ ਸਿਸਟਮ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।
ਦਿਲਚਸਪ ਗੱਲ ਇਹ ਵੀ ਹੈ ਕਿ ਸਰਕਾਰੀ ਦਾਅਵਿਆਂ ਅਨੁਸਾਰ ਜਲੰਧਰ ਤੋਂ ਇਲਾਵਾ ਪੂਰੇ ਪੰਜਾਬ ਵਿੱਚ ਸਿਲੰਡਰਾਂ ਦੀ ਕੋਈ ਕਮੀ ਨਹੀਂ ਹੈ, ਪਰ ਜਲੰਧਰ ਵਿੱਚ ਆਮ ਲੋਕਾਂ ਨੂੰ ਸਿਲੰਡਰ ਲਈ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਮਾਮਲੇ ਦੀ ਜਾਂਚ ਕਰੇ ਅਤੇ ਇਹ ਯਕੀਨੀ ਬਣਾਏ ਕਿ ਘਰੇਲੂ ਸਿਲੰਡਰ ਸਿਰਫ ਘਰਾਂ ਲਈ ਹੀ ਵਰਤੇ ਜਾਣ। ਇਸ ਦੇ ਨਾਲ ਹੀ ਗੈਸ ਏਜੰਸੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਜਾਣ ਕਿ ਬਿਨਾਂ ਬੁਕਿੰਗ ਅਤੇ ਓਟੀਪੀ ਦੇ ਕਿਸੇ ਨੂੰ ਵੀ ਸਿਲੰਡਰ ਨਾ ਦਿੱਤਾ ਜਾਵੇ ਅਤੇ ਬਲੈਕ ਮਾਰਕੀਟਿੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
— ਟਾਈਮ ਟੀਵੀ ਪੰਜਾਬ


