ਚੰਡੀਗੜ੍ਹ (ਰਜਨੀਸ਼): NSQF ਵੋਕੇਸ਼ਨਲ ਟੀਚਰ ਫਰੰਟ ਪੰਜਾਬ ਵੱਲੋਂ 24 ਅਪ੍ਰੈਲ ਨੂੰ ਪੰਜਾਬ ਸਿਵਲ ਸਕੱਤਰੇਤ-1, ਚੰਡੀਗੜ੍ਹ ਵਿੱਚ ਸਬ ਕਮੇਟੀ ਨਾਲ ਹੋਣ ਵਾਲੀ ਅਹਿਮ ਮੀਟਿੰਗ ਤੋਂ ਪਹਿਲਾਂ ਸਖ਼ਤ ਚੇਤਾਵਨੀ ਦਿੱਤੀ ਗਈ ਹੈ। ਫਰੰਟ ਦਾ ਕਹਿਣਾ ਹੈ ਕਿ ਜੇ ਇਸ ਵਾਰ ਵੀ ਮੀਟਿੰਗ ਵਿੱਚ ਕੋਈ ਢੁਕਵਾਂ ਹੱਲ ਨਾ ਨਿਕਲਿਆ ਤੇ ਸਰਕਾਰ ਵੱਲੋਂ ਟਾਲਮਟੋਲ ਜਾਰੀ ਰਹੀ, ਤਾਂ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਵੱਡਾ ਐਕਸ਼ਨ ਕੀਤਾ ਜਾਵੇਗਾ।
ਫਰੰਟ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵਿੱਤ ਮੰਤਰੀ Harpal Singh Cheema, ਸਿੱਖਿਆ ਮੰਤਰੀ Harjot Singh Bains, ਅਤੇ ਹੋਰ ਉੱਚ ਅਧਿਕਾਰੀਆਂ ਨਾਲ 10 ਤੋਂ 12 ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਅਜੇ ਤੱਕ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਲਗਾਤਾਰ ਲਾਰੇ-ਲੱਪੇ ਦੀ ਨੀਤੀ ਅਪਣਾ ਕੇ ਸਮਾਂ ਗੁਜ਼ਾਰ ਰਹੀ ਹੈ।
ਆਗੂਆਂ ਨੇ ਕਿਹਾ ਕਿ NSQF ਵੋਕੇਸ਼ਨਲ ਟੀਚਰ ਆਊਟਸੋਰਸ ਸਕੀਮ ਅਧੀਨ ਵੱਖ-ਵੱਖ ਕੰਪਨੀਆਂ ਵੱਲੋਂ ਸ਼ੋਸ਼ਨ ਦਾ ਸ਼ਿਕਾਰ ਹਨ। ਸਰਕਾਰ ਵੱਲੋਂ ਤਨਖਾਹ ਵਾਧੇ ਅਤੇ ਆਊਟਸੋਰਸ ਕਰਮਚਾਰੀਆਂ ਨੂੰ ਪੱਕਾ ਕਰਨ ਦੇ ਵਾਅਦੇ ਕੀਤੇ ਗਏ ਸਨ, ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਹਾਲਾਤ ਜਿਵੇਂ ਦੇ ਤਿਵੇਂ ਹਨ। ਬਹੁਤ ਸਾਰੇ ਅਧਿਆਪਕ ਘੱਟ ਤਨਖਾਹਾਂ ‘ਤੇ ਆਪਣੇ ਘਰਾਂ ਤੋਂ 100-100 ਕਿਲੋਮੀਟਰ ਦੂਰ ਪਿਛਲੇ 11 ਸਾਲਾਂ ਤੋਂ ਸੇਵਾ ਨਿਭਾ ਰਹੇ ਹਨ।
ਮੁੱਖ ਮੰਤਰੀ Bhagwant Mann ਵੱਲੋਂ ਵਿਧਾਨ ਸਭਾ ਵਿੱਚ ਵੀ ਇਹ ਗੱਲ ਮੰਨੀ ਗਈ ਸੀ ਕਿ ਕੰਪਨੀਆਂ ਵੱਲੋਂ ਮੁਲਾਜ਼ਮਾਂ ਦਾ ਸ਼ੋਸ਼ਨ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰਥਾ ਨੂੰ ਖਤਮ ਕਰਕੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ, ਪਰ ਅਜੇ ਤੱਕ ਕੋਈ ਢੁਕਵਾਂ ਕਦਮ ਨਹੀਂ ਚੁੱਕਿਆ ਗਿਆ।
ਫਰੰਟ ਦੀਆਂ ਮੁੱਖ ਮੰਗਾਂ ਵਿੱਚ NSQF ਵੋਕੇਸ਼ਨਲ ਟ੍ਰੇਨਰਜ਼ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨਾ, ਤਨਖਾਹ ਵਾਧਾ ਕਰਨਾ ਅਤੇ ਨੌਕਰੀ ਦੀ ਪੂਰੀ ਸੁਰੱਖਿਆ ਯਕੀਨੀ ਬਣਾਉਣਾ ਸ਼ਾਮਲ ਹੈ।
ਇਸ ਮੌਕੇ ਸਟੇਟ ਕਮੇਟੀ ਮੈਂਬਰ ਰਣਜੀਤ ਸਿੰਘ (ਬਰਨਾਲਾ), ਭੁਪਿੰਦਰ ਸਿੰਘ (ਰੋਪੜ੍ਹ), ਰਣਜੀਤ ਸਿੰਘ (ਨਵਾਂਸਹਿਰ), ਗੁਰਜੀਤ ਸਿੰਘ (ਬਠਿੰਡਾ), ਸੁਖਰਾਜਵੀਰ ਸਿੰਘ (ਤਰਨਤਾਰਨ), ਮਹਿਤਾਬ ਸਿੰਘ (ਫਿਰੋਜ਼ਪੁਰ) ਅਤੇ ਮਨਪ੍ਰੀਤ ਸਿੰਘ (ਸ਼੍ਰੀ ਮੁਕਤਸਰ ਸਾਹਿਬ) ਵੀ ਮੌਜੂਦ ਸਨ।







