ਜਲੰਧਰ ਵਿੱਚ ਨਜਾਇਜ਼ ਨਿਰਮਾਣਾਂ ‘ਤੇ ਵਿਜਿਲੈਂਸ ਦੀ ਤਾਬੜਤੋੜ ਕਾਰਵਾਈ, ਨਿਗਮ ਤੋਂ ਰਿਕਾਰਡ ਤਲਬ – ਸ਼ਹਿਰ ਵਿੱਚ ਹੜਕੰਪ

ਜਲੰਧਰ (ਸੁਮਿਤ ਕੁਮਾਰ) : ਜਲੰਧਰ ਸ਼ਹਿਰ ਵਿੱਚ ਵੱਧ ਰਹੇ ਨਜਾਇਜ਼ ਨਿਰਮਾਣਾਂ, ਗੈਰ-ਕਾਨੂੰਨੀ ਕਾਲੋਨੀਆਂ ਅਤੇ ਬਿਲਡਿੰਗ ਬਾਇਲਾਜ਼ ਦੀ ਉਲੰਘਣਾ ਦੇ ਮਾਮਲਿਆਂ ‘ਤੇ ਅੱਜ ਵਿਜਿਲੈਂਸ ਵਿਭਾਗ ਨੇ ਸਖ਼ਤ ਰੁਖ ਅਪਣਾਇਆ। ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਚੰਡੀਗੜ੍ਹ ਤੋਂ ਆਈ ਟੀਮ ਨੇ ਚੀਫ ਵਿਜਿਲੈਂਸ ਅਫਸਰ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵੱਡਾ ਚੈਕਿੰਗ ਅਭਿਆਨ ਚਲਾਇਆ।
ਲਗਭਗ 7 ਘੰਟੇ ਚੱਲੀ ਇਸ ਕਾਰਵਾਈ ਦੌਰਾਨ ਟੀਮ ਨੇ 100 ਤੋਂ ਵੱਧ ਸ਼ੱਕੀ ਨਿਰਮਾਣਾਂ, ਦੁਕਾਨਾਂ ਅਤੇ ਕਾਲੋਨੀਆਂ ਦੀ ਮੌਕੇ ‘ਤੇ ਜਾਂਚ ਕੀਤੀ ਅਤੇ ਨਗਰ ਨਿਗਮ ਤੋਂ ਸਬੰਧਤ ਸਾਰੇ ਰਿਕਾਰਡ ਵੀ ਤਲਬ ਕਰ ਲਏ।
ਵਿਜਿਲੈਂਸ ਟੀਮ ਨੇ ਆਪਣੀ ਜਾਂਚ ਦੀ ਸ਼ੁਰੂਆਤ ਮੇਰਿਟਨ ਹੋਟਲ ਦੇ ਨੇੜੇ ਤੋਂ ਕੀਤੀ ਅਤੇ ਇਸ ਤੋਂ ਬਾਅਦ ਬਰਾਂਡਰਥ ਰੋਡ, ਫੁੱਟਬਾਲ ਚੌਕ, ਨਕੋਦਰ ਰੋਡ, ਜੇਪੀ ਨਗਰ, ਲੈਦਰ ਕੰਪਲੈਕਸ ਰੋਡ ਅਤੇ ਵਰਿਆਣਾ ਕੰਪਲੈਕਸ ਰੋਡ ਸਮੇਤ ਕਈ ਇਲਾਕਿਆਂ ਦਾ ਦੌਰਾ ਕੀਤਾ। ਕਈ ਥਾਵਾਂ ‘ਤੇ ਵੱਡੇ ਪੱਧਰ ‘ਤੇ ਚੱਲ ਰਹੇ ਕਮਰਸ਼ੀਅਲ ਨਿਰਮਾਣ ਅਤੇ 50-60 ਦੁਕਾਨਾਂ ਵਾਲੇ ਪ੍ਰੋਜੈਕਟ ਵੀ ਜਾਂਚ ਦੇ ਘੇਰੇ ਵਿੱਚ ਆਏ।
ਟੀਮ ਨੇ ਲੈਦਰ ਕੰਪਲੈਕਸ ਅਤੇ ਵਰਿਆਣਾ ਕੰਪਲੈਕਸ ਵਿੱਚ ਚੱਲ ਰਹੇ ਨਿਰਮਾਣਾਂ ਦੇ ਨਾਲ-ਨਾਲ ਬਸਤੀਆਂ ਵਿੱਚ ਤਿਆਰ ਹੋ ਰਹੀਆਂ ਨਵੀਆਂ ਕਾਲੋਨੀਆਂ ਅਤੇ ਕੋਠੀਆਂ ਦੀ ਵੀ ਪੜਤਾਲ ਕੀਤੀ। ਕਾਲਾ ਸੰਘਿਆ ਰੋਡ, ਐਮ.ਐਸ. ਫਾਰਮ ਰੋਡ ਅਤੇ ਬਸਤੀ ਮਿੱਠੂ ਰੋਡ ‘ਤੇ ਹੋ ਰਹੇ ਗੈਰ-ਕਾਨੂੰਨੀ ਨਿਰਮਾਣਾਂ ਅਤੇ ਸਰਕਾਰੀ ਜ਼ਮੀਨ ‘ਤੇ ਕਬਜ਼ਿਆਂ ਦੀ ਵੀ ਗੰਭੀਰ ਜਾਂਚ ਕੀਤੀ ਗਈ।
ਇਸ ਤੋਂ ਇਲਾਵਾ ਕਾਲਾ ਸੰਘਿਆ ਰੋਡ ‘ਤੇ ਛੋਟੇ ਪਲਾਟਾਂ ‘ਤੇ ਬਣ ਰਹੀਆਂ ਲਗਭਗ 30 ਕੋਠੀਆਂ ਦੇ ਮਾਮਲੇ ਨੇ ਵੀ ਵਿਜਿਲੈਂਸ ਦਾ ਧਿਆਨ ਖਿੱਚਿਆ, ਜਿੱਥੇ ਇੱਕ ਹੀ ਡੀਲਰ ਵੱਲੋਂ ਨਿਰਮਾਣ ਕਰਵਾਏ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਹੋਟਲ ਇੰਦਰਪ੍ਰਸਥ ਦੇ ਨੇੜੇ ਬਣ ਰਹੀ ਕਮਰਸ਼ੀਅਲ ਬਿਲਡਿੰਗ ਵੀ ਟੀਮ ਦੇ ਰਡਾਰ ‘ਤੇ ਰਹੀ।
ਇਸ ਕਾਰਵਾਈ ਦੌਰਾਨ RTI ਐਕਟਿਵਿਸਟ ਕਰਣਪ੍ਰੀਤ ਸਿੰਘ ਵੀ ਮੌਜੂਦ ਰਹੇ, ਜਿਨ੍ਹਾਂ ਦੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਕਈ ਮਾਮਲਿਆਂ ਦੀ ਜਾਂਚ ਕੀਤੀ ਗਈ। ਟੀਮ ਵਿੱਚ ਏ.ਟੀ.ਪੀ. ਨਰੇਸ਼, ਏ.ਟੀ.ਪੀ. ਵਿਕਾਸ ਦੁਆ ਅਤੇ ਬਿਲਡਿੰਗ ਇੰਸਪੈਕਟਰ ਗੌਰਵ ਵੀ ਸ਼ਾਮਲ ਸਨ।
ਸ਼ਾਮ ਤੱਕ ਚੱਲੇ ਇਸ ਅਭਿਆਨ ਤੋਂ ਬਾਅਦ ਵਿਜਿਲੈਂਸ ਟੀਮ ਨੇ ਨਗਰ ਨਿਗਮ ਦਫਤਰ ਪਹੁੰਚ ਕੇ ਬਿਲਡਿੰਗ ਵਿਭਾਗ ਦੇ ਰਿਕਾਰਡ ਚੰਡੀਗੜ੍ਹ ਤਲਬ ਕਰ ਲਏ ਅਤੇ ਕੁਝ ਟੈਂਡਰਾਂ ‘ਤੇ ਵੀ ਚਰਚਾ ਕੀਤੀ। ਇਸ ਤੋਂ ਪਹਿਲਾਂ ਚੀਫ ਵਿਜਿਲੈਂਸ ਅਫਸਰ ਨੇ ਨਿਗਮ ਕਮਿਸ਼ਨਰ ਨਾਲ ਵੀ ਮੀਟਿੰਗ ਕਰਕੇ ਮਾਮਲੇ ਦੀ ਸਮੀਖਿਆ ਕੀਤੀ।
ਸੂਤਰਾਂ ਮੁਤਾਬਕ, ਅਜੇ ਵੀ ਕਈ ਨਜਾਇਜ਼ ਨਿਰਮਾਣਾਂ ਦੀਆਂ ਸ਼ਿਕਾਇਤਾਂ ਵਿਜਿਲੈਂਸ ਕੋਲ ਲੰਬਿਤ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੱਡੀ ਕਾਰਵਾਈ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।