ਜਲੰਧਰ (ਸੁਮਿਤ ਕੁਮਾਰ): ਆਨਲਾਈਨ ਬਾਈਕ ਟੈਕਸੀ ਸੇਵਾ ਪ੍ਰਦਾਨ ਕਰਨ ਵਾਲੀ ਰੈਪੀਡੋ ਕੰਪਨੀ ਦੇ ਇੱਕ ਚਾਲਕ ਵਿਰੁੱਧ ਮਹਿਲਾ ਯਾਤਰੀ ਦੀ ਨਿੱਜੀ ਜਾਣਕਾਰੀ ਦੇ ਕਥਿਤ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਕੰਪਨੀ ਦੇ ਉੱਚ ਅਧਿਕਾਰੀਆਂ ਅਤੇ ਗ੍ਰੀਵੈਂਸ ਸੈੱਲ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਤੁਰੰਤ ਜਾਂਚ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਸ਼ਿਕਾਇਤ ਅਨੁਸਾਰ ਸੰਬੰਧਿਤ ਚਾਲਕ, ਜਿਸਦੇ ਮੋਬਾਈਲ ਨੰਬਰ ਦੇ ਆਖਰੀ ਪੰਜ ਅੰਕ 14343 ਹਨ, ਵੱਲੋਂ ਰਾਈਡ ਸਮਾਪਤ ਹੋਣ ਤੋਂ ਬਾਅਦ ਇੱਕ ਮਹਿਲਾ ਯਾਤਰੀ ਨਾਲ ਨਿੱਜੀ ਤੌਰ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੋਸ਼ ਹੈ ਕਿ ਰੈਪੀਡੋ ਪਲੇਟਫਾਰਮ ਰਾਹੀਂ ਪ੍ਰਾਪਤ ਕੀਤੀ ਗਈ ਜਾਣਕਾਰੀ ਦੀ ਵਰਤੋਂ ਕਰਦੇ ਹੋਏ ਉਸ ਨੇ ਯਾਤਰੀ ਨੂੰ ਫੋਨ ਕੀਤਾ ਅਤੇ ਨਿੱਜੀ ਗੱਲਬਾਤ ਸ਼ੁਰੂ ਕਰਨ ਦਾ ਯਤਨ ਕੀਤਾ।
ਮਾਮਲੇ ਨਾਲ ਸੰਬੰਧਿਤ ਕਾਲ ਰਿਕਾਰਡਿੰਗ ਮੌਜੂਦ ਹੋਣ ਦਾ ਦਾਅਵਾ ਕੀਤਾ ਗਿਆ ਹੈ, ਜਿਸ ਨੂੰ ਲੋੜ ਪੈਣ ‘ਤੇ ਕੰਪਨੀ ਅਤੇ ਸੰਬੰਧਿਤ ਜਾਂਚ ਏਜੰਸੀਆਂ ਨੂੰ ਸੌਂਪਿਆ ਜਾ ਸਕਦਾ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਡਰਾਈਵਰ ਯਾਤਰੀਆਂ ਦੇ ਨਿੱਜੀ ਮੋਬਾਈਲ ਨੰਬਰਾਂ ਦੀ ਵਰਤੋਂ ਆਪਣੇ ਨਿੱਜੀ ਮਕਸਦਾਂ ਲਈ ਕਰਦਾ ਹੈ ਤਾਂ ਇਹ ਯਾਤਰੀਆਂ ਦੀ ਗੋਪਨੀਯਤਾ, ਸੁਰੱਖਿਆ ਅਤੇ ਭਰੋਸੇ ਦੀ ਗੰਭੀਰ ਉਲੰਘਣਾ ਹੈ।
ਸ਼ਿਕਾਇਤਕਰਤਾਵਾਂ ਨੇ ਰੈਪੀਡੋ ਪ੍ਰਬੰਧਨ ਤੋਂ ਮੰਗ ਕੀਤੀ ਹੈ ਕਿ ਸੰਬੰਧਿਤ ਚਾਲਕ ਦੀ ਆਈਡੀ ਦੀ ਤੁਰੰਤ ਜਾਂਚ ਕੀਤੀ ਜਾਵੇ ਅਤੇ ਜਾਂਚ ਪੂਰੀ ਹੋਣ ਤੱਕ ਉਸ ਨੂੰ ਪਲੇਟਫਾਰਮ ਤੋਂ ਮੁਅੱਤਲ ਕੀਤਾ ਜਾਵੇ। ਨਾਲ ਹੀ ਇਹ ਵੀ ਮੰਗ ਕੀਤੀ ਗਈ ਹੈ ਕਿ ਜੇਕਰ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਕੰਪਨੀ ਆਪਣੇ ਨਿਯਮਾਂ ਅਨੁਸਾਰ ਸਖ਼ਤ ਅਨੁਸ਼ਾਸਨਾਤਮਕ ਅਤੇ ਕਾਨੂੰਨੀ ਕਾਰਵਾਈ ਕਰੇ।
ਸਮਾਜਿਕ ਵਰਗਾਂ ਦਾ ਕਹਿਣਾ ਹੈ ਕਿ ਮਹਿਲਾ ਯਾਤਰੀਆਂ ਦੀ ਸੁਰੱਖਿਆ ਨਾਲ ਜੁੜੇ ਅਜਿਹੇ ਮਾਮਲਿਆਂ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ ਅਤੇ ਟੈਕਸੀ ਐਗਰੀਗੇਟਰ ਕੰਪਨੀਆਂ ਨੂੰ ਆਪਣੇ ਡਰਾਈਵਰਾਂ ਦੀ ਜਵਾਬਦੇਹੀ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਯਾਤਰੀਆਂ ਦੀ ਨਿੱਜੀ ਜਾਣਕਾਰੀ ਦਾ ਕਿਸੇ ਵੀ ਤਰ੍ਹਾਂ ਦੁਰਵਰਤੋਂ ਨਾ ਹੋਵੇ।
ਫਿਲਹਾਲ ਰੈਪੀਡੋ ਪ੍ਰਬੰਧਨ ਵੱਲੋਂ ਇਸ ਮਾਮਲੇ ਸਬੰਧੀ ਕੋਈ ਅਧਿਕਾਰਿਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।

