ਰਿਸ਼ਵਤ ਦੀ ਬੂ ‘ਚ ਡੁੱਬਿਆ ਮਾਡਲ ਟਾਊਨ, ਅਧਿਕਾਰੀਆਂ ਦੀ ਮੌਨ ਸਹਿਮਤੀ ਨਾਲ ਜਾਰੀ ਗੈਰਕਾਨੂੰਨੀ ਬੋਰਿੰਗ
ਜਲੰਧਰ (ਸੁਮਿਤ ਕੁਮਾਰ) : ਜਲੰਧਰ ਦੇ ਮਾਡਲ ਟਾਊਨ ਇਲਾਕੇ ਵਿੱਚ ਨਜਾਇਜ਼ ਤਰੀਕੇ ਨਾਲ ਸਮਰਸੀਬਲ ਪੰਪ ਲਗਾਉਣ ਦਾ ਗੋਰਖਧੰਧਾ ਖੁੱਲ੍ਹੇਆਮ ਚੱਲ ਰਿਹਾ ਹੈ ਅਤੇ ਨਗਰ ਨਿਗਮ ਜਲੰਧਰ ਦੇ ਅਧਿਕਾਰੀ ਇਸ ਪੂਰੇ ਮਾਮਲੇ ‘ਚ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ।
ਸੂਤਰਾਂ ਮੁਤਾਬਕ ਗੋਲ ਮਾਰਕੀਟ ‘ਚ ਦੁਕਾਨ ਚਲਾਉਣ ਵਾਲਾ ਇੱਕ ਡਾਕਟਰ ਆਪਣੇ ਘਰ ਵਿੱਚ ਹੀ ਗੈਰਕਾਨੂੰਨੀ ਤਰੀਕੇ ਨਾਲ ਸਮਰਸੀਬਲ ਪੰਪ ਲਗਵਾ ਰਿਹਾ ਹੈ, ਜਿਸਨੂੰ ਰੋਕਣ ਵਾਲਾ ਕੋਈ ਵੀ ਨਹੀਂ। ਇੱਕ ਹੀ ਡਾਕਟਰ ਨੂੰ ਵੱਖ-ਵੱਖ ਨਾਮਾਂ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਪੂਰਾ ਮਾਮਲਾ ਹੋਰ ਵੀ ਸ਼ੱਕੀ ਬਣ ਗਿਆ ਹੈ।
ਹੋਰ ਹੈਰਾਨੀਜਨਕ ਗੱਲ ਇਹ ਹੈ ਕਿ ਮਾਡਲ ਟਾਊਨ ਵਾਟਰ ਐਂਡ ਸੀਵਰੇਜ ਬੋਰਡ ਦਫਤਰ, ਜੋ ਕੇਐਫਸੀ ਦੇ ਬਿਲਕੁਲ ਸਾਹਮਣੇ ਸਥਿਤ ਹੈ, ਉੱਥੇ ਬੈਠੇ ਅਧਿਕਾਰੀ ਖੁਦ ਇਸ ਤਰ੍ਹਾਂ ਦੀਆਂ ਨਜਾਇਜ਼ ਬੋਰਿੰਗਾਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਦਿੱਖ ਰਹੇ ਹਨ। ਇਲਜ਼ਾਮ ਹੈ ਕਿ ਐਸਡੀਓ, ਜੇਈ, ਇੰਸਪੈਕਟਰ ਅਤੇ ਲਾਈਨਮੈਨ ਤੱਕ ਦੇ ਅਧਿਕਾਰੀ ਰਿਸ਼ਵਤ ਦੀ ਮੋਟੀ ਰਕਮ ਲੈ ਕੇ ਗੈਰਕਾਨੂੰਨੀ ਕੰਮਾਂ ਨੂੰ ਮਨਜ਼ੂਰੀ ਦੇ ਰਹੇ ਹਨ।
ਸੂਤਰਾਂ ਅਨੁਸਾਰ ਇਨ੍ਹਾਂ ਅਧਿਕਾਰੀਆਂ ਲਈ ਸਰਕਾਰੀ ਤਨਖਾਹ ਕੋਈ ਮਾਇਨੇ ਨਹੀਂ ਰੱਖਦੀ, ਉਹਨਾਂ ਦੇ ਘਰਾਂ ਦਾ ਗੁਜ਼ਾਰਾ ਰਿਸ਼ਵਤ ਦੀ ਕਮਾਈ ‘ਤੇ ਹੀ ਨਿਰਭਰ ਹੈ, ਜਿਸ ਕਰਕੇ ਇਲਾਕੇ ‘ਚ ਨਜਾਇਜ਼ ਸਮਰਸੀਬਲ ਪੰਪ ਅਤੇ ਗੈਰਕਾਨੂੰਨੀ ਸੀਵਰੇਜ ਦੇ ਕੰਮ ਬੇਰੋਕ ਟੋਕ ਚੱਲ ਰਹੇ ਹਨ।
ਇਹ ਵੀ ਸਾਹਮਣੇ ਆਇਆ ਹੈ ਕਿ ਵਾਟਰ ਐਂਡ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਕਈ ਵਾਰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ, ਪਰ ਉਹ ਵੀ ਗਹਿਰੀ ਨੀਂਦ ਵਿੱਚ ਸੁੱਤੇ ਪਏ ਹਨ। ਐਸਡੀਓ ਵੱਲੋਂ ਲੋਕਾਂ ਦੇ ਫੋਨ ਤੱਕ ਨਾ ਚੁੱਕਣਾ ਇਹ ਦਰਸਾਉਂਦਾ ਹੈ ਕਿ ਉਹ ਪਹਿਲਾਂ ਹੀ ਸਾਰੇ ਗੈਰਕਾਨੂੰਨੀ ਕੰਮਾਂ ਦੀ ਜਾਣਕਾਰੀ ਰੱਖਦੇ ਹਨ ਅਤੇ ਆਪਣੇ ਹੇਠਲੇ ਕਰਮਚਾਰੀਆਂ ਰਾਹੀਂ ਆਪਣਾ ਹਿੱਸਾ ਪਹਿਲਾਂ ਹੀ ਇਕੱਠਾ ਕਰ ਲੈਂਦੇ ਹਨ।
ਤਾਜ਼ਾ ਮਾਮਲੇ ਅਨੁਸਾਰ ਲਤੀਫਪੁਰਾ ਚੌਂਕ ਤੋਂ ਮਾਡਲ ਟਾਊਨ ਵੱਲ ਜਾਂਦੇ ਹੋਏ ਜਸ ਬੈਕਰੀ ਦੇ ਕੋਲ ਅੰਦਰ ਖੱਬੇ ਹੱਥ ਸੜਕ ‘ਤੇ ਕੋਠੀ ਨੰਬਰ 112-ਐਲ ਦੇ ਸਾਹਮਣੇ ਨਜਾਇਜ਼ ਤਰੀਕੇ ਨਾਲ ਸਮਰਸੀਬਲ ਪੰਪ ਲਗਾਇਆ ਜਾ ਰਿਹਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਕਿਸੇ ਵੀ ਜਿੰਮੇਵਾਰ ਅਧਿਕਾਰੀ ਵੱਲੋਂ ਇਸਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ।
ਸਾਫ ਹੈ ਕਿ ਮਾਡਲ ਟਾਊਨ ਇਲਾਕੇ ਵਿੱਚ ਨਗਰ ਨਿਗਮ ਜਲੰਧਰ ਦੀ ਪੂਰੀ ਟੀਮ ਨੇ ਅੱਖਾਂ ਮੂੰਦ ਲਈਆਂ ਹਨ ਅਤੇ ਰਿਸ਼ਵਤ ਦੀ ਖੁਸ਼ਬੂ ਉਹਨਾਂ ਦੇ ਦਫਤਰਾਂ ਤੱਕ ਪਹਿਲਾਂ ਹੀ ਪਹੁੰਚ ਚੁੱਕੀ ਹੈ। ਇਸੇ ਕਰਕੇ ਗੈਰਕਾਨੂੰਨੀ ਤਰੀਕੇ ਨਾਲ ਲੱਗ ਰਹੇ ਸਮਰਸੀਬਲ ਪੰਪਾਂ ‘ਤੇ ਕੋਈ ਕਾਰਵਾਈ ਨਹੀਂ ਹੋ ਰਹੀ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਹੁਣ ਵੱਡਾ ਸਵਾਲ ਇਹ ਹੈ ਕਿ ਆਖਿਰ ਨਗਰ ਨਿਗਮ ਜਲੰਧਰ ਦੇ ਅਧਿਕਾਰੀ ਕਿੰਨੇ ਸਮੇਂ ਤੱਕ ਇਸ ਤਰ੍ਹਾਂ ਦੀਆਂ ਗੈਰਕਾਨੂੰਨੀ ਗਤੀਵਿਧੀਆਂ ‘ਤੇ ਚੁੱਪੀ ਸਾਧੇ ਰਹਿਣਗੇ ਅਤੇ ਸ਼ਹਿਰ ਦੇ ਪਾਣੀ ਦੇ ਸਰੋਤਾਂ ਨਾਲ ਖੇਡਣ ਵਾਲਿਆਂ ਨੂੰ ਕਦੋਂ ਕਾਨੂੰਨ ਦੇ ਕਟਘਰੇ ਵਿੱਚ ਲਿਆਇਆ ਜਾਵੇਗਾ।





