ਵਾਰਡ ਨੰਬਰ 43 ‘ਚ ਸੜਕ ਦੇ ਵਿਚਕਾਰ ਲਗਾਇਆ ਕੌਂਸਲਰ ਦਾ ਬੋਰਡ, ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਖਤਰਾ
ਜਲੰਧਰ (ਮਨਪ੍ਰੀਤ,ਸੁਮਿਤ ਕੁਮਾਰ): ਜਲੰਧਰ ਨਗਰ ਨਿਗਮ ਇੱਕ ਵਾਰ ਫਿਰ ਆਪਣੀ ਦੋਹਰੀ ਨੀਤੀ ਅਤੇ ਲਾਪਰਵਾਹੀ ਕਰਕੇ ਚਰਚਾ ਵਿੱਚ ਹੈ, ਜਿੱਥੇ ਇੱਕ ਪਾਸੇ ਤਹਿ ਬਜ਼ਾਰੀ ਵਿਭਾਗ ਵੱਲੋਂ ਗਰੀਬ ਰੇੜੀ-ਫੜੀ ਵਾਲਿਆਂ ‘ਤੇ ਸਖ਼ਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਸੜਕਾਂ ਤੋਂ ਹਟਾਇਆ ਜਾਂਦਾ ਹੈ, ਉਹਨਾਂ ਦਾ ਸਮਾਨ ਜਪਤ ਕਰਕੇ ਰੋਜ਼ੀ-ਰੋਟੀ ‘ਤੇ ਲਾਤ ਮਾਰੀ ਜਾਂਦੀ ਹੈ, ਉੱਥੇ ਹੀ ਦੂਜੇ ਪਾਸੇ ਨਗਰ ਨਿਗਮ ਖੁਦ ਹੀ ਕਾਨੂੰਨਾਂ ਦੀਆਂ ਧੱਜੀਆਂ ਉਡਾਉਂਦਾ ਨਜ਼ਰ ਆ ਰਿਹਾ ਹੈ। ਤਾਜ਼ਾ ਮਾਮਲਾ ਵਾਰਡ ਨੰਬਰ 43 ਦਾ ਸਾਹਮਣੇ ਆਇਆ ਹੈ ਜਿੱਥੇ ਨਿਗਮ ਵੱਲੋਂ ਕੌਂਸਲਰ ਦਾ ਬੋਰਡ ਸੜਕ ਦੇ ਬਿਲਕੁਲ ਵਿਚਕਾਰ ਲਗਾ ਦਿੱਤਾ ਗਿਆ ਹੈ ਜੋ ਟ੍ਰੈਫਿਕ ਲਈ ਵੱਡੀ ਰੁਕਾਵਟ ਬਣ ਚੁੱਕਾ ਹੈ ਅਤੇ ਕਿਸੇ ਵੀ ਸਮੇਂ ਭਿਆਨਕ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਇਹ ਬੋਰਡ ਨਾ ਸਿਰਫ਼ ਵਾਹਨਾਂ ਦੀ ਆਵਾਜਾਈ ਨੂੰ ਪ੍ਰਭਾਵਿਤ ਕਰ ਰਿਹਾ ਹੈ, ਸਗੋਂ ਪੈਦਲ ਯਾਤਰੀਆਂ ਲਈ ਵੀ ਖਤਰਾ ਬਣਿਆ ਹੋਇਆ ਹੈ, ਪਰ ਇਸ ਦੇ ਬਾਵਜੂਦ ਨਿਗਮ ਪ੍ਰਸ਼ਾਸਨ ਅੱਖਾਂ ਮੂੰਦ ਕੇ ਬੈਠਾ ਹੈ।

ਸਥਾਨਕ ਲੋਕਾਂ ਵਿੱਚ ਇਸ ਮਾਮਲੇ ਨੂੰ ਲੈ ਕੇ ਭਾਰੀ ਰੋਸ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਇਹ ਬੋਰਡ ਲਗਾਇਆ ਗਿਆ ਹੈ, ਉਸਦੇ ਨਾਲ ਹੀ ਪਾਰਕ ਮੌਜੂਦ ਹੈ ਜਿੱਥੇ ਹਰ ਰੋਜ਼ ਅਤੇ ਖ਼ਾਸ ਕਰਕੇ ਛੁੱਟੀਆਂ ਦੇ ਦਿਨ ਬੱਚੇ ਖੇਡਣ ਆਉਂਦੇ ਹਨ। ਇਸ ਤਰ੍ਹਾਂ ਸੜਕ ਦੇ ਵਿਚਕਾਰ ਖੜ੍ਹਾ ਕੀਤਾ ਗਿਆ ਇਹ ਬੋਰਡ ਕਿਸੇ ਵੀ ਵੇਲੇ ਬੱਚਿਆਂ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ। ਲੋਕਾਂ ਨੇ ਸਪਸ਼ਟ ਤੌਰ ‘ਤੇ ਦੱਸਿਆ ਹੈ ਕਿ ਇਥੇ ਪਹਿਲਾਂ ਵੀ ਕਈ ਵਾਰ ਵਾਹਨ ਇਸ ਬੋਰਡ ਦੇ ਕੋਲ ਅਚਾਨਕ ਮੁੜਦੇ ਜਾਂ ਬਚਦੇ ਨਜ਼ਰ ਆਏ ਹਨ ਜਿਸ ਨਾਲ ਹਾਦਸੇ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ।
ਸਭ ਤੋਂ ਵੱਡਾ ਸਵਾਲ ਇਹ ਖੜ੍ਹਦਾ ਹੈ ਕਿ ਜਦੋਂ ਨਗਰ ਨਿਗਮ ਸੜਕਾਂ ‘ਤੇ ਛੋਟੇ ਵਪਾਰੀਆਂ ਨੂੰ ਬੈਠਣ ਨਹੀਂ ਦਿੰਦਾ ਤਾਂ ਫਿਰ ਖੁਦ ਸੜਕ ਦੇ ਵਿਚਕਾਰ ਅਜਿਹਾ ਖਤਰਨਾਕ ਢਾਂਚਾ ਲਗਾਉਣ ਦੀ ਇਜਾਜ਼ਤ ਕਿਸਨੇ ਦਿੱਤੀ ਅਤੇ ਇਸ ਲਈ ਜ਼ਿੰਮੇਵਾਰ ਕੌਣ ਹੈ। ਕੀ ਨਿਗਮ ਨੂੰ ਇਹ ਸਪਸ਼ਟ ਖਤਰਾ ਨਜ਼ਰ ਨਹੀਂ ਆ ਰਿਹਾ ਜਾਂ ਫਿਰ ਜਾਣ-ਬੁੱਝ ਕੇ ਅਣਦੇਖੀ ਕੀਤੀ ਜਾ ਰਹੀ ਹੈ। ਇਹ ਹਾਲਾਤ ਸਾਫ਼ ਦਰਸਾਉਂਦੇ ਹਨ ਕਿ ਨਿਗਮ ਦੀ ਕਾਰਵਾਈ ਸਿਰਫ਼ ਕਮਜ਼ੋਰ ਵਰਗਾਂ ਤੱਕ ਹੀ ਸੀਮਿਤ ਹੈ ਜਦਕਿ ਆਪਣੇ ਹੀ ਗਲਤ ਕੰਮਾਂ ‘ਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ।

ਇਲਾਕਾ ਨਿਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਬੋਰਡ ਨੂੰ ਤੁਰੰਤ ਸੜਕ ਦੇ ਵਿਚਕਾਰੋਂ ਹਟਾ ਕੇ ਸਾਈਡ ‘ਤੇ ਸ਼ਿਫਟ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਵੱਡੇ ਹਾਦਸੇ ਦੀ ਪੂਰੀ ਜ਼ਿੰਮੇਵਾਰੀ ਨਗਰ ਨਿਗਮ ਅਤੇ ਸੰਬੰਧਿਤ ਅਧਿਕਾਰੀਆਂ ਦੀ ਹੋਵੇਗੀ। ਹੁਣ ਦੇਖਣਾ ਇਹ ਹੈ ਕਿ ਨਿਗਮ ਪ੍ਰਸ਼ਾਸਨ ਸਮੇਂ ਰਹਿੰਦੇ ਜਾਗਦਾ ਹੈ ਜਾਂ ਫਿਰ ਕਿਸੇ ਵੱਡੀ ਅਣਹੋਣੀ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।






