ਜਲੰਧਰ (TTP): ਸ਼ਹਿਰ ਦੇ ਟਾਵਰ ਇਨਕਲੇਵ ਫੇਜ਼-2 ਖੇਤਰ ਵਿੱਚ ਨਜਾਇਜ਼ ਤਰੀਕੇ ਨਾਲ ਬਣ ਰਹੀ ਇਕ ਦੁਕਾਨ ਦਾ ਮਾਮਲਾ ਗੰਭੀਰ ਰੂਪ ਧਾਰਨ ਕਰ ਗਿਆ ਹੈ। ਨਕੋਦਰ ਰੋਡ ‘ਤੇ ਟੀਵੀ ਟਾਵਰ ਦੇ ਸਾਹਮਣੇ ਜਾਣ ਵਾਲੇ ਰਸਤੇ ‘ਤੇ, ਲਾਖਾ ਫਾਰਮ ਗੇਟ ਤੋਂ ਅੰਦਰ ਸਥਿਤ ਇਸ ਥਾਂ ‘ਤੇ ਸਟੇਸ਼ਨਰੀ ਦੀ ਦੁਕਾਨ ਦੇ ਨਾਲ ਹੀ ਨਵੀਂ ਦੁਕਾਨ ਦੀ ਉਸਾਰੀ ਜ਼ੋਰਾਂ ‘ਤੇ ਚੱਲ ਰਹੀ ਹੈ।
ਸੂਤਰਾਂ ਅਨੁਸਾਰ, ਇਹ ਉਸਾਰੀ ਬਿਨਾਂ ਮਨਜ਼ੂਰੀ ਅਤੇ ਬਿਲਡਿੰਗ ਬਾਇਲਾਜ਼ ਦੀ ਖੁੱਲ੍ਹੀ ਉਲੰਘਣਾ ਕਰਦੇ ਹੋਏ ਕੀਤੀ ਜਾ ਰਹੀ ਹੈ। ਇੱਥੇ ਸਪੱਸ਼ਟ ਤੌਰ ‘ਤੇ ਸਰਕਾਰੀ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਕੰਮ ਚੱਲ ਰਿਹਾ ਹੈ, ਜਿਸ ਨਾਲ ਸਰਕਾਰ ਦੇ ਰੈਵੀਨਿਊ ਨੂੰ ਵੀ ਨੁਕਸਾਨ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਸ ਮਾਮਲੇ ਨੂੰ ਲੈ ਕੇ ਆਰਟੀਆਈ ਏਜੰਸੀ ਆਫ ਇੰਡੀਆ ਵੱਲੋਂ ਬਿਲਡਿੰਗ ਵਿਭਾਗ ਨੂੰ ਉੱਚ ਪੱਧਰੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਸ਼ਿਕਾਇਤ ਵਿੱਚ ਸਪੱਸ਼ਟ ਮੰਗ ਕੀਤੀ ਗਈ ਹੈ ਕਿ ਤੁਰੰਤ ਪ੍ਰਭਾਵ ਨਾਲ ਉਸਾਰੀ ਦਾ ਕੰਮ ਰੁਕਵਾਇਆ ਜਾਵੇ ਅਤੇ ਜੇਕਰ ਜਾਂਚ ਦੌਰਾਨ ਉਸਾਰੀ ਗੈਰਕਾਨੂੰਨੀ ਪਾਈ ਜਾਂਦੀ ਹੈ ਤਾਂ ਇਸਨੂੰ ਡਿਮੋਲਿਸ਼ ਕੀਤਾ ਜਾਵੇ।
ਹੁਣ ਦੇਖਣਾ ਇਹ ਹੋਵੇਗਾ ਕਿ ਬਿਲਡਿੰਗ ਵਿਭਾਗ ਇਸ ਮਾਮਲੇ ‘ਤੇ ਕਿੰਨੀ ਜਲਦੀ ਕਾਰਵਾਈ ਕਰਦਾ ਹੈ ਜਾਂ ਫਿਰ ਨਜਾਇਜ਼ ਉਸਾਰੀ ਨੂੰ ਅੱਖਾਂ ਮੂੰਦ ਕੇ ਜਾਰੀ ਰਹਿਣ ਦਿੰਦਾ ਹੈ। ਇਲਾਕਾ ਵਾਸੀਆਂ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਚਰਚਾ ਤੇ ਰੋਸ ਵਧਦਾ ਜਾ ਰਿਹਾ ਹੈ।







