ਜਲੰਧਰ ਵਿੱਚ ਨਜਾਇਜ਼ ਉਸਾਰੀ ਦਾ ਮਾਮਲਾ ਗਰਮਾਇਆ ✨️ ਵਡਾਲਾ ਚੌਂਕ ਨੇੜੇ ਦੋ ਦੁਕਾਨਾਂ ਦੀ ਉਸਾਰੀ ’ਤੇ ਉੱਠੇ ਸਵਾਲ, ਨਗਰ ਨਿਗਮ ਦੀ ਚੁੱਪੀ ਚਰਚਾ ਵਿੱਚ

ਜਲੰਧਰ (ਸੁਮਿਤ ਕੁਮਾਰ) : ਮਹਾਨਗਰ ਵਿੱਚ ਨਜਾਇਜ਼ ਉਸਾਰੀਆਂ ਦਾ ਮਾਮਲਾ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜਾਣਕਾਰੀ ਅਨੁਸਾਰ ਜਲੰਧਰ ਦੇ ਸਤਿਗੁਰੂ ਕਬੀਰ ਚੌਂਕ, ਜਿਸ ਨੂੰ ਆਮ ਤੌਰ ’ਤੇ ਵਡਾਲਾ ਚੌਂਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਤੋਂ ਪ੍ਰਤਾਪ ਨਗਰ ਵਾਲੀ ਸਾਈਡ ਜਾਂਦੇ ਹੋਏ ਸੈਂਟ ਸੋਲਜਰ ਸਕੂਲ ਦੇ ਸਾਹਮਣੇ ਜਾਣ ਵਾਲੇ ਰਸਤੇ ’ਤੇ ਪੰਜਾਬੀ ਬਾਗ ਗਲੀ ਨੰਬਰ-2 ਦੇ ਬਿਲਕੁਲ ਸਾਹਮਣੇ ਅਤੇ ਮਾਨ ਨਗਰ ਗਲੀ ਨੰਬਰ-1 ਦੇ ਗੇਟ ਦੇ ਨਾਲ ਦੋ ਦੁਕਾਨਾਂ ਦੀ ਉਸਾਰੀ ਜ਼ੋਰਾਂ ’ਤੇ ਚੱਲ ਰਹੀ ਹੈ।

ਇਲਾਕਾ ਨਿਵਾਸੀਆਂ ਦਾ ਦੋਸ਼ ਹੈ ਕਿ ਇਹ ਉਸਾਰੀ ਨਗਰ ਨਿਗਮ ਦੇ ਨਿਯਮਾਂ ਨੂੰ ਅਣਦੇਖਾ ਕਰਕੇ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬਿਲਡਿੰਗ ਨਕਸ਼ਾ, ਮਨਜ਼ੂਰੀਆਂ ਅਤੇ ਸਰਕਾਰੀ ਫੀਸਾਂ ਦੀ ਪ੍ਰਕਿਰਿਆ ਪੂਰੀ ਕੀਤੇ ਬਿਨਾਂ ਕਮਰਸ਼ੀਅਲ ਉਸਾਰੀ ਕੀਤੀ ਜਾ ਰਹੀ ਹੈ ਤਾਂ ਇਸ ਨਾਲ ਸਰਕਾਰ ਦੇ ਰੈਵੇਨਿਊ ਨੂੰ ਵੱਡਾ ਘਾਟਾ ਪੈ ਰਿਹਾ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਵੱਡੀ ਉਸਾਰੀ ਹੋਣ ਦੇ ਬਾਵਜੂਦ ਨਗਰ ਨਿਗਮ ਦੇ ਸੰਬੰਧਿਤ ਅਧਿਕਾਰੀ ਪੂਰੀ ਤਰ੍ਹਾਂ ਖਾਮੋਸ਼ ਨਜ਼ਰ ਆ ਰਹੇ ਹਨ। ਇਲਾਕੇ ਦੇ ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਆਖਿਰਕਾਰ ਬਿਨਾਂ ਕਾਰਵਾਈ ਦੇ ਇਹ ਨਿਰਮਾਣ ਕੰਮ ਕਿਵੇਂ ਚੱਲ ਰਿਹਾ ਹੈ।

ਸਥਾਨਕ ਲੋਕਾਂ ਨੇ ਨਗਰ ਨਿਗਮ ਜਲੰਧਰ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਜੇਕਰ ਉਸਾਰੀ ਨਿਯਮਾਂ ਦੇ ਉਲਟ ਪਾਈ ਜਾਂਦੀ ਹੈ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਇਲਾਕੇ ਵਿੱਚ ਨਜਾਇਜ਼ ਉਸਾਰੀਆਂ ਨੂੰ ਹੋਰ ਹੌਸਲਾ ਮਿਲੇਗਾ।