ਨਿਹੰਗ ਸਿੰਘਾਂ ‘ਤੇ ਨਾਬਾਲਗ ਨੂੰ ਤਸ਼ੱਦਦ ਦੇਣ ਦੇ ਦੋਸ਼, ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪੁੱਜਿਆ ਮਾਮਲਾ

ਨਾਬਾਲਗ ਬੱਚੇ ਨੂੰ ਬੰਦੀ ਬਣਾਕੇ ਕੀਤੀ ਬੇਰਹਿਮ ਕੁੱਟਮਾਰ

ਹੁਸ਼ਿਆਰਪੁਰ, 22 ਮਈ (ਬਿਊਰੋ ਰਿਪੋਰਟ) — ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭੁੱਲੇਵਾਲ ਰਾਠਾਂ ਵਿੱਚ ਮਨੁੱਖਤਾ ਨੂੰ ਝੰਝੋੜ ਕੇ ਰੱਖ ਦੇਣ ਵਾਲਾ ਇੱਕ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨਾਬਾਲਗ ਬੱਚੇ ਨਜ਼ੀਰ ਨੂੰ ਕਥਿਤ ਤੌਰ ‘ਤੇ ਤਿੰਨ ਦਿਨ ਤੱਕ ਬੰਦੀ ਬਣਾਕੇ ਬੇਰਹਿਮੀ ਨਾਲ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ। ਪੀੜਤ ਪਰਿਵਾਰ ਦੇ ਦੋਸ਼ਾਂ ਮੁਤਾਬਕ ਕੁਝ ਨਿਹੰਗ ਸਿੰਘਾਂ ਵੱਲੋਂ ਬੱਚੇ ਨੂੰ ਡਾਂਗਾਂ, ਪਟਿਆਂ ਅਤੇ ਕਿਰਪਾਨਾਂ ਦੀ ਪੁੱਠ ਨਾਲ ਇੰਨੀ ਬੇਰਹਿਮੀ ਨਾਲ ਕੁੱਟਿਆ ਗਿਆ ਕਿ ਉਹ ਇਸ ਵੇਲੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪੀੜਤ ਬੱਚੇ ਦੇ ਪਿਤਾ ਸਵਰਦੀਨ ਨੇ ਅੱਖਾਂ ਵਿੱਚ ਹੰਝੂਆਂ ਨਾਲ ਦੱਸਿਆ ਕਿ ਦੋਸ਼ੀ ਉਸਦੇ ਪੁੱਤਰ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਏ ਕਿ ਗੁਰਦੁਆਰਾ ਸਾਹਿਬ ਦੀ ਸੇਵਾ ਕਰਨੀ ਹੈ। ਪਰ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਉਸਦੇ ਪੁੱਤਰ ਨਾਲ ਬੇਰਹਿਮੀ ਨਾਲ ਮਾਰਕੁੱਟ ਕੀਤੀ ਜਾ ਰਹੀ ਹੈ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਛੁਡਾਇਆ ਅਤੇ ਤੁਰੰਤ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਸਵਰਦੀਨ ਨੇ ਦੱਸਿਆ ਕਿ ਜੇਕਰ ਨੇੜਲੇ ਪਿੰਡ ਦੇ ਗੁੱਜਰ ਭਾਈਚਾਰੇ ਦੇ ਲੋਕ ਬੱਚੇ ਦੀਆਂ ਚੀਕਾਂ ਸੁਣ ਕੇ ਮੌਕੇ ‘ਤੇ ਨਾ ਪਹੁੰਚਦੇ ਤਾਂ ਸ਼ਾਇਦ ਅੱਜ ਉਸਦਾ ਪੁੱਤਰ ਇਸ ਦੁਨੀਆ ਵਿੱਚ ਜ਼ਿੰਦਾ ਨਾ ਹੁੰਦਾ। ਉਸਨੇ ਦੱਸਿਆ ਕਿ ਬੱਚੇ ਦੀ ਇੰਨੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਕਿ ਉਹ ਬੋਲਣ ਦੀ ਹਾਲਤ ਵਿੱਚ ਵੀ ਨਹੀਂ ਹੈ ਅਤੇ ਲਗਾਤਾਰ ਖੂਨ ਦੀਆਂ ਉਲਟੀਆਂ ਕਰਦਾ ਰਿਹਾ। ਡਾਕਟਰਾਂ ਮੁਤਾਬਕ ਉਸਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪੂਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸੰਬੰਧਿਤ ਥਾਣਾ ਇਨਸਾਫ਼ ਦੇਣ ਦੀ ਬਜਾਏ ਰਾਜ਼ੀਨਾਮੇ ਦਾ ਦਬਾਅ ਬਣਾਉਣ ਵਿੱਚ ਲੱਗਾ ਹੋਇਆ ਹੈ। ਪਰਿਵਾਰ ਨੇ ਦੱਸਿਆ ਕਿ ਸੰਬੰਧਿਤ ਥਾਣੇ ਵੱਲੋਂ ਕਿਹਾ ਗਿਆ ਕਿ ਦੋਵੇਂ ਧਿਰਾਂ ਰਾਜ਼ੀਨਾਮਾ ਕਰਨਾ ਚਾਹੁੰਦੀਆਂ ਹਨ, ਜਦਕਿ ਪੀੜਤ ਬੱਚੇ ਦੇ ਪਿਤਾ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦਾ ਰਾਜ਼ੀਨਾਮਾ ਨਹੀਂ ਚਾਹੁੰਦੇ ਅਤੇ ਸਿਰਫ਼ ਆਪਣੇ ਬੇਟੇ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ, ਜੋ ਉਨ੍ਹਾਂ ਨੂੰ ਨਹੀਂ ਮਿਲ ਰਿਹਾ। ਪਰਿਵਾਰ ਨੇ ਗੰਭੀਰ ਦੋਸ਼

ਲਗਾਉਂਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਬਜਾਏ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਲੋਕਾਂ ਵਿੱਚ ਵੀ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਇੱਕ ਨਾਬਾਲਗ ਬੱਚੇ ਨਾਲ ਇੰਨੀ ਬੇਰਹਿਮੀ ਹੋਣ ਦੇ ਬਾਵਜੂਦ ਵੀ ਪੁਲਿਸ ਦੀ ਕਾਰਵਾਈ ਸਵਾਲਾਂ ਦੇ ਘੇਰੇ ਵਿੱਚ ਹੈ। ਪੀੜਤ ਪਰਿਵਾਰ ਨੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮਾਮਲੇ ਵਿੱਚ ਪੁਲਿਸ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇ, ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।