“ਜਬ ਹੈ ਸਮਾਧਾਨ ਤਾਂ ਕਿਉਂ ਹੋ ਰਹੇ ਹੋ ਪਰੇਸ਼ਾਨ?” — ਆਖਿਰ ਕੌਣ ਹੈ ‘ਗੁਰੂ ਸਾਗਰ ਜੀ’, ਜਲੰਧਰ ਵਿੱਚ ਕਾਲੇ ਇਲਮ ਦੇ ਨਾਮ ‘ਤੇ ਕੌਣ ਚਲਾ ਰਿਹਾ ਠੱਗੀ ਦਾ ਖੇਡ?
ਜਲੰਧਰ (ਸੁਮਿਤ ਕੁਮਾਰ): ਜਲੰਧਰ ਸ਼ਹਿਰ ਦੇ ਵਿੱਚ ਅੱਜਕੱਲ੍ਹ ਇੱਕ ਨਾਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ — “ਗੁਰੂ ਸਾਗਰ ਜੀ”। ਸ਼ਹਿਰ ਦੇ ਚੌਂਕਾਂ, ਬਾਜ਼ਾਰਾਂ, ਗਲੀਆਂ ਅਤੇ ਪਾਰਕਿੰਗ ਵਾਲੀਆਂ ਥਾਵਾਂ ‘ਤੇ ਗੱਡੀਆਂ, ਬਾਈਕਾਂ ਅਤੇ ਸਕੂਟਰਾਂ ਉੱਤੇ “ਜਬ ਹੈ ਸਮਾਧਾਨ ਤਾਂ ਕਿਉਂ ਹੋ ਰਹੇ ਹੋ ਪਰੇਸ਼ਾਨ?” ਵਾਲੇ ਵਿਜ਼ਟਿੰਗ ਕਾਰਡ ਸੁੱਟੇ ਜਾ ਰਹੇ ਹਨ। ਪਰ ਸਭ ਤੋਂ ਵੱਡਾ ਸਵਾਲ ਇਹ ਖੜ੍ਹਦਾ ਹੈ ਕਿ ਆਖਿਰਕਾਰ ਇਹ “ਗੁਰੂ ਸਾਗਰ” ਹੈ ਕੌਣ? ਕੀ ਇਹ ਜਲੰਧਰ ਦਾ ਰਹਿਣ ਵਾਲਾ ਹੈ ਜਾਂ ਫਿਰ ਬਾਹਰਲੇ ਰਾਜ ਤੋਂ ਆ ਕੇ ਲੋਕਾਂ ਨੂੰ ਠੱਗਣ ਦਾ ਧੰਦਾ ਚਲਾ ਰਿਹਾ ਹੈ?
ਕਾਰਡਾਂ ਵਿੱਚ 3 ਘੰਟਿਆਂ ਵਿੱਚ ਹਰ ਸਮੱਸਿਆ ਦਾ ਹੱਲ, ਵਸ਼ੀਕਰਨ, ਮਨਚਾਹਾ ਪਿਆਰ, ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ, ਕਾਰੋਬਾਰ ਵਿੱਚ ਤਰੱਕੀ ਅਤੇ ਘਰੇਲੂ ਕਲੇਸ਼ ਖਤਮ ਕਰਨ ਵਰਗੇ ਦਾਅਵੇ ਕੀਤੇ ਜਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਨਾ ਤਾਂ ਇਹਨਾਂ ਦੇ ਕਿਸੇ ਦਫ਼ਤਰ ਦਾ ਪੱਕਾ ਪਤਾ ਹੁੰਦਾ ਹੈ ਅਤੇ ਨਾ ਹੀ ਕੋਈ ਕਾਨੂੰਨੀ ਰਜਿਸਟ੍ਰੇਸ਼ਨ। ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਪਹਿਲਾਂ ਪੈਸੇ ਠੱਗੇ ਜਾਂਦੇ ਹਨ ਅਤੇ ਫਿਰ ਮੋਬਾਈਲ ਨੰਬਰ ਬਦਲ ਕੇ ਇਹ ਕਥਿਤ “ਬਾਬੇ” ਕਿਸੇ ਹੋਰ ਇਲਾਕੇ ਵਿੱਚ ਨਵਾਂ ਅੱਡਾ ਬਣਾ ਲੈਂਦੇ ਹਨ।
ਦੱਸਣਾ ਜ਼ਰੂਰੀ ਹੈ ਕਿ “ਕਾਲਾ ਇਲਮ” ਜਾਂ “ਵਸ਼ੀਕਰਨ” ਨਾਮ ਦੀ ਕੋਈ ਵੀ ਚੀਜ਼ ਕਿਸੇ ਸਰਕਾਰੀ ਵਿਭਾਗ ਤੋਂ ਮਨਜ਼ੂਰਸ਼ੁਦਾ ਨਹੀਂ ਹੈ। ਇਹ ਸਿਰਫ਼ ਅੰਧਵਿਸ਼ਵਾਸ ਫੈਲਾ ਕੇ ਆਮ ਲੋਕਾਂ ਦੀ ਮਾਨਸਿਕ ਅਤੇ ਆਰਥਿਕ ਲੁੱਟ ਕਰਨ ਦਾ ਇੱਕ ਗੈਰਕਾਨੂੰਨੀ ਧੰਦਾ ਬਣ ਚੁੱਕਾ ਹੈ। ਪਰ ਸਵਾਲ ਇਹ ਵੀ ਖੜ੍ਹਦਾ ਹੈ ਕਿ ਜਲੰਧਰ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਇਹ ਵਿਜ਼ਟਿੰਗ ਕਾਰਡ ਖੁੱਲ੍ਹੇਆਮ ਕਿਵੇਂ ਵੰਡੇ ਜਾ ਰਹੇ ਹਨ? ਅਤੇ ਜਲੰਧਰ ਕਮਿਸ਼ਨਰੇਟ ਪੁਲਿਸ ਇਸ ਮਾਮਲੇ ‘ਤੇ ਚੁੱਪ ਕਿਉਂ ਹੈ?
ਸਭ ਤੋਂ ਚਿੰਤਾਜਨਕ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਇਹ ਕਾਰਡ ਵੰਡਣ ਲਈ ਕਈ ਥਾਵਾਂ ‘ਤੇ ਨਾਬਾਲਗ ਬੱਚਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਚੌਂਕਾਂ ਵਿੱਚ ਖੜ੍ਹੇ ਬੱਚੇ ਵਾਹਨਾਂ ਉੱਤੇ ਇਹ ਕਾਰਡ ਰੱਖਦੇ ਨਜ਼ਰ ਆਉਂਦੇ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਇਹਨਾਂ ਕਥਿਤ ਬਾਬਿਆਂ ਦੇ ਜਾਲ ਵਿੱਚ ਫਸ ਸਕਣ। ਸਵਾਲ ਇਹ ਹੈ ਕਿ ਕੀ ਪ੍ਰਸ਼ਾਸਨ ਨੂੰ ਇਹ ਸਭ ਕੁਝ ਨਜ਼ਰ ਨਹੀਂ ਆ ਰਿਹਾ ਜਾਂ ਫਿਰ ਕਿਸੇ ਸਿਆਸੀ ਸ਼ਹਿ ਹੇਠ ਇਹ ਧੰਦਾ ਬੇਖੌਫ਼ ਤਰੀਕੇ ਨਾਲ ਚੱਲ ਰਿਹਾ ਹੈ?
“ਗੁਰੂ ਸਾਗਰ ਜੀ” ਦੇ ਨਾਮ ਨਾਲ ਚੱਲ ਰਹੇ ਇਸ ਵਿਗਿਆਪਨ ਜਾਲ ਨੇ ਇੱਕ ਵਾਰੀ ਫਿਰ ਸਾਬਤ ਕਰ ਦਿੱਤਾ ਹੈ ਕਿ ਅੰਧਵਿਸ਼ਵਾਸ ਦੇ ਨਾਮ ‘ਤੇ ਲੋਕਾਂ ਨੂੰ ਮੂਰਖ ਬਣਾਉਣ ਵਾਲੇ ਗਿਰੋਹ ਅਜੇ ਵੀ ਸ਼ਹਿਰ ਵਿੱਚ ਸਰਗਰਮ ਹਨ। ਜਲੰਧਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਗੰਭੀਰ ਜਾਂਚ ਕਰਕੇ “ਗੁਰੂ ਸਾਗਰ” ਨਾਮ ਦੇ ਪਿੱਛੇ ਲੁਕੇ ਹੋਏ ਅਸਲੀ ਚਿਹਰਿਆਂ ਨੂੰ ਬੇਨਕਾਬ ਕੀਤਾ ਜਾਵੇ ਅਤੇ ਆਮ ਲੋਕਾਂ ਨੂੰ ਠੱਗਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।



