ਨਗਰ ਨਿਗਮ ਦੀ ਕਾਰਵਾਈ ‘ਤੇ ਉੱਠੇ ਸਵਾਲ, ਬਿਨਾਂ ਨਕਸ਼ੇ ਦੇ ਚੱਲ ਰਹੀ ਉਸਾਰੀ ਕਾਰਨ ਸਰਕਾਰੀ ਰੈਵੇਨਿਊ ਨੂੰ ਨੁਕਸਾਨ
ਜਲੰਧਰ ( ਸੁਮਿਤ ਕੁਮਾਰ): ਜਲੰਧਰ ਦੇ ਗ੍ਰੀਨ ਐਵੀਨਿਊ ਇਲਾਕੇ ਵਿੱਚ ਚੱਲ ਰਹੀਆਂ ਨਜਾਇਜ਼ ਉਸਾਰੀਆਂ ਦਾ ਮਾਮਲਾ ਹੁਣ ਗੰਭੀਰ ਰੂਪ ਧਾਰਦਾ ਜਾ ਰਿਹਾ ਹੈ। ਅੱਜ ਜਲੰਧਰ ਦੇ ਕੁਝ ਪੱਤਰਕਾਰ ਮੌਕੇ ‘ਤੇ ਪਹੁੰਚੇ ਅਤੇ ਲਾਈਵ ਪ੍ਰਸਾਰਣ ਰਾਹੀਂ ਲੋਕਾਂ ਨੂੰ ਦਿਖਾਇਆ ਕਿ ਕਿਵੇਂ ਕਾਨੂੰਨਾਂ ਨੂੰ ਅਣਦੇਖਾ ਕਰਕੇ ਬਿਨਾਂ ਮਨਜ਼ੂਰੀ ਅਤੇ ਬਿਨਾਂ ਨਕਸ਼ਾ ਪਾਸ ਕਰਵਾਏ ਗੈਰਕਾਨੂੰਨੀ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ।
ਮੌਕੇ ‘ਤੇ ਦੇਖਿਆ ਗਿਆ ਕਿ ਸੰਬੰਧਿਤ ਬਿਲਡਿੰਗ ਦੀ ਉਸਾਰੀ ਪੂਰੀ ਤਰ੍ਹਾਂ ਅਣਅਧਿਕਾਰਿਤ ਤਰੀਕੇ ਨਾਲ ਕੀਤੀ ਜਾ ਰਹੀ ਹੈ। ਨਾ ਤਾਂ ਨਗਰ ਨਿਗਮ ਤੋਂ ਨਕਸ਼ਾ ਮਨਜ਼ੂਰ ਕਰਵਾਇਆ ਗਿਆ ਹੈ ਅਤੇ ਨਾ ਹੀ ਸਰਕਾਰੀ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਇਸ ਕਾਰਨ ਸਰਕਾਰ ਦੇ ਰੈਵੇਨਿਊ ਨੂੰ ਵੀ ਵੱਡਾ ਘਾਟਾ ਪਹੁੰਚਾਇਆ ਜਾ ਰਿਹਾ ਹੈ।
ਇਲਾਕਾ ਵਾਸੀਆਂ ਅਤੇ ਪੱਤਰਕਾਰਾਂ ਵੱਲੋਂ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਨਗਰ ਨਿਗਮ ਜਲੰਧਰ ਦੇ ਜਿੰਮੇਵਾਰ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਸਖ਼ਤ ਕਾਰਵਾਈ ਕਰਨ ਦੀ ਬਜਾਏ ਸਿਰਫ਼ ਮਾਮਲੇ ਨੂੰ ਦਬਾਉਣ ਅਤੇ “ਸੈਟਿੰਗ” ਕਰਨ ਵਿੱਚ ਹੀ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਨ।
ਜਦੋਂ ਮੌਕੇ ‘ਤੇ ਮੌਜੂਦ ਪੱਤਰਕਾਰਾਂ ਨੇ ਬਿਲਡਿੰਗ ਮਾਲਕ ਨਾਲ ਉਸਾਰੀ ਸਬੰਧੀ ਗੱਲਬਾਤ ਕਰਨੀ ਚਾਹੀ, ਤਾਂ ਮਾਲਕ ਵੱਲੋਂ ਗੱਲ ਕਰਨ ਦੌਰਾਨ ਹੀ ਅਸ਼ਲੀਲ ਭਾਸ਼ਾ ਅਤੇ ਗਾਲਾਂ ਦੀ ਵਰਤੋਂ ਕੀਤੀ ਗਈ। ਚੱਲਦੇ ਕੈਮਰਿਆਂ ਵਿੱਚ ਹੋਈ ਇਹ ਬਦਜ਼ਬਾਨੀ ਹੁਣ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਕੈਮਰਿਆਂ ਦੇ ਸਾਹਮਣੇ ਹੀ ਇਸ ਤਰ੍ਹਾਂ ਦੀ ਭਾਸ਼ਾ ਵਰਤ ਸਕਦਾ ਹੈ, ਤਾਂ ਉਹ ਕਾਨੂੰਨਾਂ ਦੀ ਕਿੰਨੀ ਪਰਵਾਹ ਕਰਦਾ ਹੋਵੇਗਾ, ਇਸ ਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ।
ਇਸ ਮਾਮਲੇ ਨੇ ਨਗਰ ਨਿਗਮ ਜਲੰਧਰ ਦੀ ਕਾਰਗੁਜ਼ਾਰੀ ‘ਤੇ ਵੀ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਆਮ ਲੋਕਾਂ ਦੀ ਮੰਗ ਹੈ ਕਿ ਗੈਰਕਾਨੂੰਨੀ ਉਸਾਰੀਆਂ ਕਰਨ ਵਾਲਿਆਂ ਅਤੇ ਉਨ੍ਹਾਂ ਨੂੰ ਸਹਿਯੋਗ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਸ਼ਹਿਰ ਵਿੱਚ ਚੱਲ ਰਹੇ ਨਜਾਇਜ਼ ਉਸਾਰੀਆਂ ਦੇ ਇਸ ਕਾਲੇ ਖੇਡ ‘ਤੇ ਰੋਕ ਲੱਗ ਸਕੇ।










