ਜਲੰਧਰ :ਸੁਮਿਤ ਕੁਮਾਰ:
ਸੋਸ਼ਲ ਮੀਡੀਆ ਪਲੇਟਫਾਰਮਾਂ ਦਾ ਗਲਤ ਇਸਤੇਮਾਲ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਹੁਣ ਜਲੰਧਰ ਸ਼ਹਿਰ ਵਿੱਚ ਇੱਕ ਐਸਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਮਾਜਿਕ ਮਰਿਆਦਾਵਾਂ ਨੂੰ ਹੀ ਸ਼ਰਮਸਾਰ ਕਰ ਦਿੱਤਾ ਹੈ। “Cantt Halka Friends” ਨਾਮ ਦੇ ਇੱਕ ਵਟਸਐਪ ਗਰੁੱਪ ਵਿੱਚ ਅੱਜ ਖੁੱਲ੍ਹੇਆਮ ਅਸ਼ਲੀਲ ਤਸਵੀਰਾਂ ਵਾਇਰਲ ਕੀਤੀਆਂ ਗਈਆਂ, ਜਿਸ ਕਾਰਨ ਲੋਕਾਂ ਵਿੱਚ ਗੁੱਸਾ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ।
ਹੈਰਾਨੀਜਨਕ ਗੱਲ ਇਹ ਹੈ ਕਿ ਇਸ ਗਰੁੱਪ ਵਿੱਚ ਜਲੰਧਰ ਸ਼ਹਿਰ ਨਾਲ ਸੰਬੰਧਤ ਕਈ ਜਾਣੇ-ਪਹਿਚਾਣੇ ਵਿਅਕਤੀ ਅਤੇ ਵਪਾਰੀ ਵੀ ਸ਼ਾਮਿਲ ਦਿਖਾਈ ਦੇ ਰਹੇ ਹਨ। ਗਰੁੱਪ ਦੇ ਸਕ੍ਰੀਨਸ਼ਾਟ ਸਾਹਮਣੇ ਆਉਣ ਤੋਂ ਬਾਅਦ ਲੋਕ ਇਹ ਸਵਾਲ ਉਠਾ ਰਹੇ ਹਨ ਕਿ ਆਖਿਰ ਇਸ ਤਰ੍ਹਾਂ ਦੀ ਗੰਦੀ ਅਤੇ ਅਸ਼ਲੀਲ ਸਮੱਗਰੀ ਨੂੰ ਰੋਕਣ ਲਈ ਗਰੁੱਪ ਐਡਮਿਨਾਂ ਵੱਲੋਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ।
ਸੋਸ਼ਲ ਮੀਡੀਆ ਉੱਪਰ ਅਸ਼ਲੀਲਤਾ ਫੈਲਾਉਣਾ ਨਾ ਸਿਰਫ਼ ਨੈਤਿਕ ਪੱਖੋਂ ਗਲਤ ਹੈ, ਸਗੋਂ ਇਹ ਭਾਰਤੀ ਕਾਨੂੰਨਾਂ ਅਧੀਨ ਵੀ ਗੰਭੀਰ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਸੂਚਨਾ ਤਕਨਾਲੋਜੀ ਐਕਟ ਅਤੇ ਭਾਰਤੀ ਨਿਆਂ ਸੰਹਿਤਾ ਅਧੀਨ ਅਜਿਹੀ ਸਮੱਗਰੀ ਨੂੰ ਸ਼ੇਅਰ ਕਰਨ, ਫੈਲਾਉਣ ਜਾਂ ਪ੍ਰੋਤਸਾਹਿਤ ਕਰਨ ਵਾਲਿਆਂ ਖ਼ਿਲਾਫ਼ ਕੜੀ ਕਾਰਵਾਈ ਹੋ ਸਕਦੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਐਸੀਆਂ ਗਤੀਵਿਧੀਆਂ ਉੱਪਰ ਰੋਕ ਨਾ ਲਗਾਈ ਗਈ ਤਾਂ ਨੌਜਵਾਨ ਪੀੜ੍ਹੀ ਉੱਪਰ ਇਸਦਾ ਬਹੁਤ ਮਾੜਾ ਪ੍ਰਭਾਵ ਪਵੇਗਾ। ਲੋਕਾਂ ਨੇ ਪੰਜਾਬ ਪੁਲਿਸ ਅਤੇ ਸਾਈਬਰ ਸੈੱਲ ਤੋਂ ਮੰਗ ਕੀਤੀ ਹੈ ਕਿ ਇਸ ਗਰੁੱਪ ਦੀ ਤੁਰੰਤ ਜਾਂਚ ਕਰਕੇ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਵਾਲੇ ਵਿਅਕਤੀਆਂ ਅਤੇ ਗਰੁੱਪ ਐਡਮਿਨਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ।
ਇਹ ਘਟਨਾ ਇੱਕ ਵਾਰ ਫਿਰ ਇਹ ਸਾਬਤ ਕਰਦੀ ਹੈ ਕਿ ਸੋਸ਼ਲ ਮੀਡੀਆ ਦੀ ਆਜ਼ਾਦੀ ਦੀ ਆੜ ਵਿੱਚ ਕੁਝ ਲੋਕ ਸਮਾਜਿਕ ਮਰਿਆਦਾਵਾਂ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ।




