ਜਲੰਧਰ ਤੋਂ ਸੁਮਿਤ ਕੁਮਾਰ ਦੀ ਖਾਸ ਰਿਪੋਰਟ | Time TV Punjab
ਜਲੰਧਰ ਦੇ ਬੱਸ ਸਟੈਂਡ ਇਲਾਕੇ ਵਿੱਚ ਪਿਛਲੇ ਕਈ ਸਾਲਾਂ ਤੋਂ ਨਜਾਇਜ਼ ਤਰੀਕੇ ਨਾਲ ਪ੍ਰਾਈਵੇਟ ਬੱਸਾਂ ਚਲਾਉਣ ਦਾ ਧੰਦਾ ਬੇਖੌਫ਼ ਤਰੀਕੇ ਨਾਲ ਚੱਲ ਰਿਹਾ ਹੈ, ਪਰ ਇਸ ਗੰਭੀਰ ਮਾਮਲੇ ‘ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਮਿਸ਼ਨਰੇਟ ਪੁਲਿਸ ਵੱਲੋਂ ਕੋਈ ਢੁੱਕਵੀਂ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ।
ਦੱਸਣਾ ਜ਼ਰੂਰੀ ਹੈ ਕਿ ਜਲੰਧਰ ਦੇ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ, ਪੁਰਾਣੇ ਨਰਿੰਦਰ ਸਿਨੇਮਾ ਦੀ ਬੈਕ ਸਾਈਡ ਅਤੇ ਪੈਟਰੋਲ ਪੰਪ ਦੇ ਸਾਹਮਣੇ ਕਈ ਪ੍ਰਾਈਵੇਟ ਬੱਸਾਂ ਦਾ ਨਜਾਇਜ਼ ਕਾਰੋਬਾਰ ਸ਼ਰੇਆਮ ਚੱਲ ਰਿਹਾ ਹੈ। ਇਥੋਂ ਯੂਪੀ, ਬਿਹਾਰ ਅਤੇ ਹੋਰ ਰਾਜਾਂ ਲਈ ਪ੍ਰਵਾਸੀਆਂ ਨੂੰ ਲਿਜਾਣ ਵਾਲੀਆਂ ਬੱਸਾਂ ਹਰ ਰੋਜ਼ ਰਵਾਨਾ ਕੀਤੀਆਂ ਜਾਂਦੀਆਂ ਹਨ।
ਸੂਤਰਾਂ ਅਨੁਸਾਰ ਇਨ੍ਹਾਂ ਵਿੱਚੋਂ ਕਈ ਬੱਸਾਂ ਬਿਨਾਂ ਵੈਧ ਪਰਮਿਟ, ਬਿਨਾਂ ਮਨਜ਼ੂਰੀ ਅਤੇ ਟਰਾਂਸਪੋਰਟ ਨਿਯਮਾਂ ਦੀ ਉਲੰਘਣਾ ਕਰਦਿਆਂ ਇੱਕ ਸਟੇਟ ਤੋਂ ਦੂਜੀ ਸਟੇਟ ਤੱਕ ਦੌੜ ਰਹੀਆਂ ਹਨ। ਇੰਨਾ ਹੀ ਨਹੀਂ, ਬੱਸ ਸਟੈਂਡ ਤੋਂ ਗੜਾ ਵਾਲੀ ਸਾਈਡ ਜਾਣ ਵਾਲੇ ਰਸਤੇ ‘ਤੇ ਵੀ ਸੱਜੇ ਹੱਥ ਕਈ ਬੱਸਾਂ ਨਜਾਇਜ਼ ਤਰੀਕੇ ਨਾਲ ਖੜੀਆਂ ਕਰਕੇ ਪ੍ਰਵਾਸੀਆਂ ਨੂੰ ਬਾਹਰਲੇ ਰਾਜਾਂ ਵਿੱਚ ਭੇਜਣ ਦਾ ਕੰਮ ਕੀਤਾ ਜਾ ਰਿਹਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਬੱਸਾਂ ਕੋਲ ਨਾ ਤਾਂ ਸਰਕਾਰੀ ਮਨਜ਼ੂਰੀ ਹੈ ਅਤੇ ਨਾ ਹੀ ਕਾਨੂੰਨੀ ਪਰਮਿਟ, ਫਿਰ ਵੀ ਇਹ ਵਾਹਨ ਖੁੱਲ੍ਹੇਆਮ ਸੜਕਾਂ ‘ਤੇ ਚੱਲ ਰਹੇ ਹਨ। ਇਸ ਨਾਲ ਨਾ ਸਿਰਫ਼ ਟਰਾਂਸਪੋਰਟ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ, ਸਗੋਂ ਯਾਤਰੀਆਂ ਦੀ ਸੁਰੱਖਿਆ ਨਾਲ ਵੀ ਵੱਡਾ ਖਿਲਵਾੜ ਕੀਤਾ ਜਾ ਰਿਹਾ ਹੈ।
ਸਵਾਲ ਇਹ ਖੜ੍ਹਦਾ ਹੈ ਕਿ ਆਖ਼ਿਰਕਾਰ ਜਲੰਧਰ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਇਨ੍ਹਾਂ ਨਜਾਇਜ਼ ਕਾਰੋਬਾਰੀਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਕਿਉਂ ਕੱਤਰ ਰਹੇ ਹਨ? ਕੀ ਇਹ ਸਾਰਾ ਗੋਰਖਧੰਦਾ ਪ੍ਰਸ਼ਾਸਨ ਦੀ ਨਜ਼ਰ ਤੋਂ ਦੂਰ ਹੈ ਜਾਂ ਫਿਰ ਸਭ ਕੁਝ ਜਾਣਦੇ ਹੋਏ ਵੀ ਅਣਦੇਖਾ ਕੀਤਾ ਜਾ ਰਿਹਾ ਹੈ?
ਅਦਾਰਾ Time TV Punjab ਵੱਲੋਂ ਇਸ ਮਾਮਲੇ ਦੀ ਜਾਂਚ ਦਾ ਇਹ ਪਹਿਲਾ ਭਾਗ ਤਿਆਰ ਕੀਤਾ ਗਿਆ ਹੈ। ਜਲਦ ਹੀ ਇਸ ਮਾਮਲੇ ਨਾਲ ਜੁੜਿਆ ਦੂਸਰਾ ਭਾਗ ਵੀ ਸਾਹਮਣੇ ਲਿਆਂਦਾ ਜਾਵੇਗਾ, ਜਿਸ ਵਿੱਚ ਹੋਰ ਖੁਲਾਸੇ ਕਰਦੇ ਹੋਏ ਦੱਸਿਆ ਜਾਵੇਗਾ ਕਿ ਜਲੰਧਰ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਆਪਣੀ ਸੁੱਤੀ ਹੋਈ ਨੀਂਦ ਵਿੱਚੋਂ ਜਾਗਦਾ ਹੈ ਜਾਂ ਨਹੀਂ।












