ਆਦਮਪੁਰ (ਸੁਮਿਤ ਕੁਮਾਰ) : ਜਲੰਧਰ ਦੇ ਥਾਣਾ ਆਦਮਪੁਰ ਦੇ ਬਿਲਕੁਲ ਨਜ਼ਦੀਕ ਸਥਿਤ ਇੱਕ ਸ਼ੱਕੀ ਲਾਟਰੀ ਅਤੇ ਦੜਾ-ਸੱਟਾ ਅੱਡੇ ਦਾ ਸ਼ਟਰ ਮੁੜ ਖੁੱਲ੍ਹਾ ਦੇਖੇ ਜਾਣ ਤੋਂ ਬਾਅਦ ਇਲਾਕੇ ਵਿੱਚ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਦੋ ਦਿਨ ਪਹਿਲਾਂ ਮੌਕੇ ‘ਤੇ ਕੀਤੀ ਗਈ ਪੜਤਾਲ ਦੌਰਾਨ ਥਾਣਾ ਆਦਮਪੁਰ ਦੇ ਨਾਲ ਲੱਗਦੇ ਬੱਸ ਸਟੈਂਡ ਨੂੰ ਜਾਣ ਵਾਲੇ ਰਸਤੇ ‘ਤੇ, ਬੱਸ ਸਟੈਂਡ ਤੋਂ ਅੱਗੇ ਖੱਬੇ ਹੱਥ ਤੀਸਰੀ ਦੁਕਾਨ ਦਾ ਸ਼ਟਰ ਖੁੱਲ੍ਹਾ ਮਿਲਿਆ, ਜਿੱਥੇ ਪਹਿਲਾਂ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਦੜਾ-ਸੱਟਾ ਅਤੇ ਲਾਟਰੀ ਦਾ ਧੰਦਾ ਚੱਲਦਾ ਰਿਹਾ ਹੈ।
ਮੌਕੇ ‘ਤੇ ਦੁਕਾਨ ਅੰਦਰ ਲੱਗੇ ਚਾਰਟਾਂ ਅਤੇ ਲਿਖਤਾਂ ਤੋਂ ਇਹ ਸੰਕੇਤ ਮਿਲੇ ਕਿ ਇੱਥੇ “ਐਪਲ”, “ਬੰਬੇ ਕੈਟ”, “ਦਿੱਲੀ ਦਿਸ਼ਾਵਰ ਗਲੀ” ਵਰਗੇ ਕਥਿਤ ਸੱਟਾ ਨੈੱਟਵਰਕਾਂ ਨਾਲ ਸੰਬੰਧਿਤ ਗਤੀਵਿਧੀਆਂ ਚਲਦੀਆਂ ਰਹੀਆਂ ਹਨ। ਹੁਣ ਅਚਾਨਕ ਦੁਕਾਨ ਦਾ ਸ਼ਟਰ ਮੁੜ ਖੁੱਲ੍ਹਾ ਦਿਖਾਈ ਦੇਣ ਨਾਲ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ।

ਸਥਾਨਕ ਲੋਕਾਂ ਵਿੱਚ ਇਹ ਚਰਚਾ ਹੈ ਕਿ ਕੀ ਇਸ ਅੱਡੇ ਨੂੰ ਮੁੜ ਚਾਲੂ ਕਰਨ ਦੀ ਤਿਆਰੀ ਹੋ ਰਹੀ ਹੈ ਜਾਂ ਫਿਰ ਦੁਕਾਨ ਨੂੰ ਪੱਕੇ ਤੌਰ ‘ਤੇ ਖਾਲੀ ਕਰਕੇ ਬੰਦ ਕਰਨ ਦੀ ਕਾਰਵਾਈ ਚੱਲ ਰਹੀ ਹੈ। ਹਾਲਾਂਕਿ ਸੱਚਾਈ ਜੋ ਵੀ ਹੋਵੇ, ਪਰ ਇੱਕ ਗੰਭੀਰ ਸਵਾਲ ਇਹ ਹੈ ਕਿ ਜੇਕਰ ਇਹ ਥਾਂ ਪਹਿਲਾਂ ਗੈਰ-ਕਾਨੂੰਨੀ ਗਤੀਵਿਧੀਆਂ ਦਾ ਕੇਂਦਰ ਰਹੀ ਹੈ ਤਾਂ ਫਿਰ ਦੁਕਾਨ ਖੁੱਲ੍ਹਣ ਮੌਕੇ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ?
ਹੈਰਾਨੀ ਦੀ ਗੱਲ ਇਹ ਵੀ ਹੈ ਕਿ ਜਿਸ ਥਾਂ ‘ਤੇ ਇਹ ਸ਼ੱਕੀ ਅੱਡਾ ਸਥਿਤ ਹੈ, ਉਹ ਥਾਣਾ ਆਦਮਪੁਰ ਤੋਂ ਕੁਝ ਹੀ ਕਦਮਾਂ ਦੀ ਦੂਰੀ ‘ਤੇ ਹੈ। ਅਜਿਹੇ ਵਿੱਚ ਸਵਾਲ ਉੱਠਣਾ ਲਾਜ਼ਮੀ ਹੈ ਕਿ ਕੀ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਜਾਂ ਫਿਰ ਜਾਣਕਾਰੀ ਹੋਣ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ ਗਈ?
ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਕਿਸੇ ਵੀ ਗੈਰ-ਕਾਨੂੰਨੀ ਧੰਦੇ ਵਿੱਚ ਸਿਰਫ਼ ਧੰਦਾ ਚਲਾਉਣ ਵਾਲਾ ਹੀ ਨਹੀਂ, ਸਗੋਂ ਉਸ ਨੂੰ ਸਹੂਲਤ ਦੇਣ ਵਾਲੇ, ਸਥਾਨ ਉਪਲਬਧ ਕਰਵਾਉਣ ਵਾਲੇ, ਦੇਖਭਾਲ ਕਰਨ ਵਾਲੇ ਅਤੇ ਉਸ ਦੀ ਕਾਰਵਾਈ ਵਿੱਚ ਸ਼ਾਮਲ ਹੋਰ ਲੋਕ ਵੀ ਜਾਂਚ ਦੇ ਦਾਇਰੇ ਵਿੱਚ ਆ ਸਕਦੇ ਹਨ। ਅਜਿਹੇ ਵਿੱਚ ਜੇਕਰ ਇਹ ਅੱਡਾ ਵਾਸਤਵ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਨਾਲ ਜੁੜਿਆ ਰਿਹਾ ਹੈ ਤਾਂ ਸੰਬੰਧਿਤ ਹਰ ਪੱਖ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ।
ਹੁਣ ਸਭ ਦੀਆਂ ਨਜ਼ਰਾਂ ਥਾਣਾ ਆਦਮਪੁਰ ਪੁਲਿਸ ‘ਤੇ ਟਿਕੀਆਂ ਹੋਈਆਂ ਹਨ। ਕੀ ਪੁਲਿਸ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸੱਚਾਈ ਲੋਕਾਂ ਸਾਹਮਣੇ ਲਿਆਵੇਗੀ ਜਾਂ ਫਿਰ ਇਹ ਮਾਮਲਾ ਵੀ ਹੋਰ ਕਈ ਵਿਵਾਦਾਂ ਵਾਂਗ ਸਵਾਲਾਂ ਦੇ ਘੇਰੇ ਵਿੱਚ ਹੀ ਰਹਿ ਜਾਵੇਗਾ?
ਫਿਲਹਾਲ ਦੁਕਾਨ ਦਾ ਖੁੱਲ੍ਹਾ ਸ਼ਟਰ ਅਤੇ ਅੰਦਰ ਮੌਜੂਦ ਸ਼ੱਕੀ ਨਿਸ਼ਾਨੀਆਂ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਕਈ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੀਆਂ ਹਨ, ਜਿਨ੍ਹਾਂ ਦੇ ਜਵਾਬ ਆਮ ਲੋਕ ਜਾਣਨਾ ਚਾਹੁੰਦੇ ਹਨ।
