ਜਲੰਧਰ ਮਾਡਲ ਟਾਊਨ ‘ਚ ਖਤਰਨਾਕ ਟਰਾਂਸਫਾਰਮਰ ਕਾਰਨ ਲੋਕਾਂ ‘ਚ ਦਹਿਸ਼ਤ, ਦੁਕਾਨਦਾਰਾਂ ਨੇ ਦਿੱਤੀ ਸੰਘਰਸ਼ ਦੀ ਚੇਤਾਵਨੀ

ਜਲੰਧਰ ਮਨਪ੍ਰੀਤ : ਮਾਡਲ ਟਾਊਨ ਇਲਾਕਾ ਉਸ ਵੇਲੇ ਚਰਚਾ ਦਾ ਵਿਸ਼ਾ ਬਣ ਗਿਆ ਜਦੋਂ ਮੇਅਰ ਹਾਊਸ ਦੇ ਬਿਲਕੁਲ ਸਾਹਮਣੇ ਸਥਿਤ ਇੱਕ ਮੋਬਾਈਲ ਸ਼ਾਪ ਦੇ ਬਾਹਰ ਲੱਗੇ ਬਿਜਲੀ ਵਿਭਾਗ ਦੇ ਟਰਾਂਸਫਾਰਮਰ ਦੀਆਂ ਨੰਗੀਆਂ ਤਾਰਾਂ ਕਾਰਨ ਵੱਡੇ ਹਾਦਸੇ ਦਾ ਖਤਰਾ ਬਣਿਆ ਹੋਇਆ ਹੈ। ਇਲਾਕੇ ਦੇ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਦਿਨਾਂ ਵਿੱਚ ਟਰਾਂਸਫਾਰਮਰ ਵਿੱਚੋਂ ਅਕਸਰ ਚਿੰਗਾਰੀਆਂ ਨਿਕਲਦੀਆਂ ਹਨ ਅਤੇ ਅੱਗ ਲੱਗਣ ਦਾ ਡਰ ਹਰ ਸਮੇਂ ਬਣਿਆ ਰਹਿੰਦਾ ਹੈ।

ਦੁਕਾਨਦਾਰਾਂ ਦੇ ਅਨੁਸਾਰ ਟਰਾਂਸਫਾਰਮਰ ਦੇ ਕੋਲ ਹਰ ਰੋਜ਼ ਕਈ ਵਾਹਨ ਖੜ੍ਹੇ ਕੀਤੇ ਜਾਂਦੇ ਹਨ ਅਤੇ ਕਈ ਮੌਕਿਆਂ ‘ਤੇ ਚਿੰਗਾਰੀਆਂ ਵਾਹਨਾਂ ‘ਤੇ ਡਿੱਗਣ ਕਾਰਨ ਉਨ੍ਹਾਂ ਦਾ ਨੁਕਸਾਨ ਵੀ ਹੋਇਆ ਹੈ। ਇਸ ਤੋਂ ਇਲਾਵਾ, ਨੰਗੀਆਂ ਬਿਜਲੀ ਤਾਰਾਂ ਨੂੰ ਦੇਖ ਕੇ ਗਾਹਕ ਵੀ ਦੁਕਾਨਾਂ ‘ਤੇ ਆਉਣ ਤੋਂ ਘਬਰਾਉਂਦੇ ਹਨ, ਜਿਸ ਕਾਰਨ ਵਪਾਰ ਪ੍ਰਭਾਵਿਤ ਹੋ ਰਿਹਾ ਹੈ।

ਦੁਕਾਨਦਾਰਾਂ ਨੇ ਦੱਸਿਆ ਕਿ ਉਹ ਇਸ ਸਬੰਧੀ ਕਈ ਵਾਰ ਬਿਜਲੀ ਵਿਭਾਗ ਨੂੰ ਲਿਖਤੀ ਅਤੇ ਮੌਖਿਕ ਸ਼ਿਕਾਇਤਾਂ ਦੇ ਚੁੱਕੇ ਹਨ, ਪਰ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਟਰਾਂਸਫਾਰਮਰ ਦੀਆਂ ਨੰਗੀਆਂ ਤਾਰਾਂ ਨੂੰ ਸੁਰੱਖਿਅਤ ਕਰਕੇ ਖਤਰਾ ਦੂਰ ਨਾ ਕੀਤਾ ਗਿਆ ਤਾਂ ਉਹ ਆਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਸੰਬੰਧਿਤ ਬਿਜਲੀ ਵਿਭਾਗ ਦੀ ਹੋਵੇਗੀ।

ਸਥਾਨਕ ਲੋਕਾਂ ਨੇ ਵੀ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਤੁਰੰਤ ਕਾਰਵਾਈ ਕਰਕੇ ਟਰਾਂਸਫਾਰਮਰ ਦੀ ਮੁਰੰਮਤ ਕੀਤੀ ਜਾਵੇ ਅਤੇ ਇਲਾਕੇ ਨੂੰ ਸੁਰੱਖਿਅਤ ਬਣਾਇਆ ਜਾਵੇ।