ਜਲੰਧਰ (ਸੁਮਿਤ ਕੁਮਾਰ): ਥਾਣਾ ਬਸਤੀ ਬਾਵਾ ਖੇਲ ਦੇ ਅਧੀਨ ਇਲਾਕੇ ਵਿੱਚ, ਬਸਤੀ ਬਾਵਾ ਖੇਲ ਪੁਲ ਨੇੜੇ ਪੀਰਾਂ ਦੀ ਜਗ੍ਹਾ ਦੇ ਸਾਹਮਣੇ ਇਕ ਚਿੱਟੀ ਕੋਠੀ ਨੂੰ ਲੈ ਕੇ ਇਲਾਕੇ ਵਿੱਚ ਗੰਭੀਰ ਦੋਸ਼ ਉੱਠ ਰਹੇ ਹਨ। ਸਥਾਨਕ ਸਰੋਤਾਂ ਦਾ ਕਹਿਣਾ ਹੈ ਕਿ ਇੱਥੇ “ਬਿੱਲੋ” ਨਾਮ ਨਾਲ ਜਾਣੀ ਜਾਂਦੀ ਇਕ ਔਰਤ ਦੇ ਨਾਮ ’ਤੇ ਦੇਹ ਵਪਾਰ ਦਾ ਗੈਰਕਾਨੂੰਨੀ ਧੰਦਾ ਬੇਖ਼ੌਫ਼ੀ ਨਾਲ ਚੱਲ ਰਿਹਾ ਹੈ।
ਇਲਾਕਾ ਵਾਸੀਆਂ ਮੁਤਾਬਕ, ਉਕਤ ਰਸਤੇ ਵਿੱਚ ਆਖ਼ਰੀ ਮੋੜ ’ਤੇ ਸਥਿਤ ਇਸ ਕੋਠੀ ਵਿੱਚ ਦਿਨ ਦਿਹਾੜੇ ਅਣਪਛਾਤੇ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਦਾਅਵਾ ਹੈ ਕਿ ਬਾਹਰੋਂ ਆਉਣ ਵਾਲੇ ਕੁਝ ਵਿਅਕਤੀ ਖੁੱਲ੍ਹੇ ਤੌਰ ’ਤੇ ਨਾਮ ਲੈ ਕੇ ਅੰਦਰ ਦਾਖ਼ਲ ਹੁੰਦੇ ਹਨ ਅਤੇ ਕੁਝ ਰਕਮ ਦੇ ਬਦਲੇ ਨੌਜਵਾਨ ਲੜਕੀਆਂ ਨਾਲ ਗੈਰਕਾਨੂੰਨੀ ਸੌਦੇਬਾਜ਼ੀ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ।
ਸਭ ਤੋਂ ਵੱਡਾ ਸਵਾਲ ਇਹ ਖੜ੍ਹਦਾ ਹੈ ਕਿ ਜੇ ਇਲਾਕੇ ਵਿੱਚ ਇਹ ਸਭ ਕੁਝ ਲੋਕਾਂ ਦੀਆਂ ਨਜ਼ਰਾਂ ਦੇ ਸਾਹਮਣੇ ਹੋ ਰਿਹਾ ਹੈ ਤਾਂ ਕਮਿਸ਼ਨਰੇਟ ਜਲੰਧਰ ਪੁਲਿਸ ਤੱਕ ਇਹ ਜਾਣਕਾਰੀ ਕਿਵੇਂ ਨਹੀਂ ਪਹੁੰਚੀ? ਕੀ ਪੁਲਿਸ ਪ੍ਰਸ਼ਾਸਨ ਅਣਜਾਣ ਹੈ ਜਾਂ ਫਿਰ ਕਾਰਵਾਈ ਕਰਨ ਤੋਂ ਕਤਰਾ ਰਿਹਾ ਹੈ? ਜੇ ਦੋਸ਼ ਸੱਚ ਹਨ ਤਾਂ ਇਹ ਸਿਰਫ਼ ਇੱਕ ਕੋਠੀ ਦਾ ਮਾਮਲਾ ਨਹੀਂ, ਸਗੋਂ ਕਾਨੂੰਨ-ਵਿਵਸਥਾ ’ਤੇ ਸਿੱਧਾ ਸਵਾਲ ਹੈ।
ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਤੁਰੰਤ ਰੇਡ ਕਰਕੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ। ਜੇਕਰ ਦੋਸ਼ ਸਾਬਤ ਹੁੰਦੇ ਹਨ ਤਾਂ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਇਲਾਕੇ ਨੂੰ ਇਸ ਗੈਰਕਾਨੂੰਨੀ ਧੰਦੇ ਤੋਂ ਮੁਕਤ ਕਰਾਇਆ ਜਾਵੇ।
ਹੁਣ ਗੇਂਦ ਕਮਿਸ਼ਨਰੇਟ ਜਲੰਧਰ ਦੇ ਪਾਸ ਹੈ—ਕੀ ਕਾਨੂੰਨ ਆਪਣਾ ਫ਼ਰਜ਼ ਨਿਭਾਏਗਾ ਜਾਂ ਫਿਰ ਇਹ ਚਿੱਟੀ ਕੋਠੀ ਦਾ ਕਾਲਾ ਕਾਰੋਬਾਰ ਇਉਂ ਹੀ ਚੱਲਦਾ ਰਹੇਗਾ?
(ਨੋਟ: ਪੁਲਿਸ ਦਾ ਅਧਿਕਾਰਿਕ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਤੀਕ੍ਰਿਆ ਮਿਲਣ ’ਤੇ ਖ਼ਬਰ ਅਪਡੇਟ ਕੀਤੀ ਜਾਵੇਗੀ।)





![]()
![]()

![]()







