ਜਲੰਧਰ: ਲੱਧੇਵਾਲੀ ਰੋਡ ‘ਤੇ ਕਥਿਤ ਨਾਜਾਇਜ਼ ਮਾਰਕੀਟ ਦੀ ਉਸਾਰੀ, ਸਰਕਾਰੀ ਰੈਵਨਿਊ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼

ਜਲੰਧਰ TTP: ਲੱਧੇਵਾਲੀ ਰੋਡ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਸਥਿਤ ਕਰੋਲ ਬਾਗ ਇਲਾਕੇ ਵਿੱਚ ਕਥਿਤ ਤੌਰ ‘ਤੇ ਨਾਜਾਇਜ਼ ਮਾਰਕੀਟ ਦੀ ਉਸਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਕਰੋਲ ਬਾਗ ਵਿੱਚ ਦਾਖਲ ਹੁੰਦੇ ਹੀ ਮਨਜੀਤ ਮੈਡੀਕਲ ਸਟੋਰ ਦੇ ਸਾਹਮਣੇ, ਏਟੀਐਮ ਦੇ ਪਿਛਲੇ ਪਾਸੇ ਨਾਲ ਮਿਲਦੀ ਗਲੀ ਵਿੱਚ ਇੱਕ ਕਰਿਆਨੇ ਦੀ ਦੁਕਾਨ ਦੇ ਨਾਲ ਲੱਗਦੀ ਟੂ-ਸਾਈਡ ਪ੍ਰਾਪਰਟੀ ‘ਤੇ ਕਈ ਦੁਕਾਨਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਉਸਾਰੀ ਬਿਨਾਂ ਨਕਸ਼ਾ ਪਾਸ ਕਰਵਾਏ, ਬਿਨਾਂ ਲੋੜੀਂਦੀਆਂ ਸਰਕਾਰੀ ਮਨਜ਼ੂਰੀਆਂ ਅਤੇ ਬਿਨਾਂ ਸਰਕਾਰੀ ਫੀਸ ਜਾਂ ਰੈਵਨਿਊ ਜਮ੍ਹਾਂ ਕਰਵਾਏ ਕੀਤੀ ਜਾ ਰਹੀ ਹੈ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਸ ਕਾਰਨ ਸਰਕਾਰ ਨੂੰ ਲੱਖਾਂ ਰੁਪਏ ਦੇ ਰੈਵਨਿਊ ਦਾ ਨੁਕਸਾਨ ਹੋ ਸਕਦਾ ਹੈ।

ਸਥਾਨਕ ਲੋਕਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸੰਬੰਧਤ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਕਾਰਨ ਇਹ ਨਿਰਮਾਣ ਬਿਨਾਂ ਕਿਸੇ ਰੋਕ-ਟੋਕ ਦੇ ਜਾਰੀ ਹੈ। ਲੋਕਾਂ ਦਾ ਸਵਾਲ ਹੈ ਕਿ ਜੇਕਰ ਨਿਰਮਾਣ ਪੂਰੀ ਤਰ੍ਹਾਂ ਨਿਯਮਾਂ ਅਨੁਸਾਰ ਹੈ ਤਾਂ ਇਸ ਨਾਲ ਸੰਬੰਧਿਤ ਮਨਜ਼ੂਰੀਆਂ ਅਤੇ ਨਕਸ਼ੇ ਨੂੰ ਜਨਤਕ ਕਿਉਂ ਨਹੀਂ ਕੀਤਾ ਜਾਂਦਾ।

ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੌਕੇ ‘ਤੇ ਤੁਰੰਤ ਜਾਂਚ ਕਰਕੇ ਇਹ ਪਤਾ ਲਗਾਇਆ ਜਾਵੇ ਕਿ ਨਿਰਮਾਣ ਕਾਨੂੰਨੀ ਮਨਜ਼ੂਰੀ ਨਾਲ ਹੋ ਰਿਹਾ ਹੈ ਜਾਂ ਨਹੀਂ। ਜੇਕਰ ਜਾਂਚ ਵਿੱਚ ਕੋਈ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਸੰਬੰਧਤ ਵਿਅਕਤੀਆਂ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਅਤੇ ਸਰਕਾਰੀ ਰੈਵਨਿਊ ਦੀ ਰੱਖਿਆ ਯਕੀਨੀ ਬਣਾਈ ਜਾਵੇ।

(ਨੋਟ: ਖ਼ਬਰ ਵਿੱਚ ਦਰਜ ਦੋਸ਼ ਸਥਾਨਕ ਲੋਕਾਂ ਵੱਲੋਂ ਲਗਾਏ ਗਏ ਹਨ। ਸੰਬੰਧਤ ਅਧਿਕਾਰੀਆਂ ਦਾ ਪੱਖ ਪ੍ਰਾਪਤ ਹੋਣ ‘ਤੇ ਉਸ ਨੂੰ ਵੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ।)