ਆਦਮਪੁਰ ਵਿੱਚ ਮੁੜ ਚੱਲ ਪਈ ਨਜਾਇਜ਼ ਦੜੇ-ਸੱਟੇ ਦੀ ਬੰਦ ਹੋਈ ਦੁਕਾਨ, RTI Agency of India ਨੇ DGP ਨੂੰ ਭੇਜੀ ਸ਼ਿਕਾਇਤ

ਜਲੰਧਰ (ਸੁਮਿਤ ਕੁਮਾਰ) : ਜਲੰਧਰ ਦੇ ਆਦਮਪੁਰ ਇਲਾਕੇ ਵਿੱਚ ਪਿਛਲੇ ਕੁਝ ਸਮੇਂ ਤੋਂ ਬੰਦ ਪਈ ਇੱਕ ਨਜਾਇਜ਼ ਦੜੇ-ਸੱਟੇ ਦੀ ਦੁਕਾਨ ਮੁੜ ਖੁੱਲਣ ਦੀ ਖਬਰ ਸਾਹਮਣੇ ਆਈ ਹੈ। ਸਥਾਨਕ ਸੂਤਰਾਂ ਮੁਤਾਬਕ ਇਹ ਦੁਕਾਨ ਪਹਿਲਾਂ ਵੀ ਲੰਮੇ ਸਮੇਂ ਤੱਕ ਗੈਰਕਾਨੂੰਨੀ ਤਰੀਕੇ ਨਾਲ ਚੱਲਦੀ ਰਹੀ ਸੀ। ਦੱਸਿਆ ਜਾਂਦਾ ਹੈ ਕਿ ਪਹਿਲਾਂ ਇਸ ਕਾਰੋਬਾਰ ਨੂੰ “ਐਮ” ਨਾਮ ਦੇ ਇੱਕ ਵਿਅਕਤੀ ਵੱਲੋਂ ਚਲਾਇਆ ਜਾਂਦਾ ਸੀ, ਜਿਸ ਦੇ ਬਾਰੇ ਇਲਾਕੇ ਵਿੱਚ ਚਰਚਾ ਰਹੀ ਕਿ ਦੋ ਨੰਬਰ ਦਾ ਇਹ ਧੰਦਾ ਖੁੱਲ੍ਹੇਆਮ ਚੱਲਦਾ ਰਿਹਾ।
ਸੂਤਰਾਂ ਅਨੁਸਾਰ ਕੁਝ ਸਮਾਂ ਪਹਿਲਾਂ ਜਦੋਂ ਆਦਮਪੁਰ ਪੁਲਿਸ ਹਰਕਤ ਵਿੱਚ ਆਈ ਤਾਂ ਇਹ ਦੁਕਾਨ ਬੰਦ ਕਰਵਾ ਦਿੱਤੀ ਗਈ ਸੀ, ਪਰ ਹੁਣ ਕੁਝ ਸਮੇਂ ਦੀ ਖਾਮੋਸ਼ੀ ਤੋਂ ਬਾਅਦ ਮੁੜ ਇਹ ਗੈਰਕਾਨੂੰਨੀ ਕਾਰੋਬਾਰ ਸ਼ੁਰੂ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਇਹ ਦੁਕਾਨ ਆਦਮਪੁਰ ਦੇ ਮੇਨ ਬਾਜ਼ਾਰ ਤੋਂ ਬੱਸ ਸਟੈਂਡ ਵੱਲ ਜਾਣ ਵਾਲੇ ਰਸਤੇ ’ਤੇ ਸੱਜੇ ਹੱਥ ਮੁੜ ਕੇ, ਭਜਨ ਬਰਾਈਡਲ ਲਹਿੰਗਾ ਹਾਊਸ ਦੇ ਬਿਲਕੁਲ ਸਾਹਮਣੇ ਦੱਸਿਆ ਜਾ ਰਿਹਾ ਹੈ।
ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਦੁਕਾਨ ਦੇ ਅੰਦਰ ਦਿਸ਼ਾਵਰ, ਦਿੱਲੀ ਗਲੀ, ਗਾਜ਼ੀਆਬਾਦ ਆਦਿ ਦੇ ਨਾਂ ’ਤੇ ਨਜਾਇਜ਼ ਦੜੇ-ਸੱਟੇ ਲਗਾਏ ਜਾ ਰਹੇ ਹਨ। ਸੂਤਰ ਇਹ ਵੀ ਦੱਸਦੇ ਹਨ ਕਿ ਇਸ ਵਾਰ ਇਸ ਕਾਰੋਬਾਰ ਵਿੱਚ ਪਹਿਲਾਂ ਵਾਲੇ ਵਿਅਕਤੀ ਦੇ ਨਾਲ ਕੋਈ ਹੋਰ ਹਿੱਸੇਦਾਰ ਵੀ ਜੁੜ ਚੁੱਕਾ ਹੈ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਦੁਕਾਨ ਬਹੁਤ ਭੀੜਭਾੜ ਵਾਲੇ ਇਲਾਕੇ ਵਿੱਚ ਖੁੱਲ੍ਹੀ ਹੋਣ ਦੇ ਬਾਵਜੂਦ ਵੀ ਖੁੱਲ੍ਹੇਆਮ ਚੱਲਦੀ ਦਿਖਾਈ ਦੇ ਰਹੀ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿਚ ਕਈ ਸਵਾਲ ਖੜ੍ਹੇ ਹੋ ਰਹੇ ਹਨ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ RTI Agency of India ਵੱਲੋਂ ਇਸ ਸਬੰਧੀ ਸ਼ਿਕਾਇਤ Director General of Police (DGP) ਪੰਜਾਬ ਨੂੰ ਭੇਜੀ ਗਈ ਹੈ। ਸ਼ਿਕਾਇਤ ਵਿੱਚ ਆਦਮਪੁਰ ਦੇ SHO ਸਮੇਤ ਇਸ ਨਜਾਇਜ਼ ਦੜੇ-ਸੱਟੇ ਦੇ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਹੁਣ ਦੇਖਣਾ ਇਹ ਰਹਿੰਦਾ ਹੈ ਕਿ ਪੁਲਿਸ ਪ੍ਰਸ਼ਾਸਨ ਇਸ ਮਾਮਲੇ ’ਤੇ ਕੀ ਕਾਰਵਾਈ ਕਰਦਾ ਹੈ ਅਤੇ ਕੀ ਆਦਮਪੁਰ ਵਿੱਚ ਚੱਲ ਰਹੇ ਇਸ ਗੈਰਕਾਨੂੰਨੀ ਕਾਰੋਬਾਰ ’ਤੇ ਰੋਕ ਲੱਗਦੀ ਹੈ ਜਾਂ ਨਹੀਂ।