ਜਲੰਧਰ (TTP) :
ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸਪਾ ਸੈਂਟਰ ਦੀ ਆੜ ਵਿੱਚ ਕਥਿਤ ਤੌਰ ‘ਤੇ ਚੱਲ ਰਹੇ ਦੇਹ ਵਪਾਰ ਦੇ ਧੰਦੇ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਇੱਕ ਸਪਾ ਸੈਂਟਰ ‘ਤੇ ਛਾਪੇਮਾਰੀ ਕੀਤੀ। ਪੁਲਿਸ ਨੇ ਮੌਕੇ ਤੋਂ ਤਿੰਨ ਨੌਜਵਾਨ ਕੁੜੀਆਂ ਅਤੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਛਾਪੇ ਦੌਰਾਨ ਪੁਲਿਸ ਨੇ ਕੁਝ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਹੈ। ਇਹ ਕਾਰਵਾਈ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ (IPS) ਦੇ ਦਿਸ਼ਾ-ਨਿਰਦੇਸ਼ਾਂ ਅਤੇ ਏਡੀਸੀਪੀ ਸਿਟੀ-2 ਰਾਕੇਸ਼ ਕੁਮਾਰ ਯਾਦਵ (PPS) ਅਤੇ ਏਸੀਪੀ ਮਾਡਲ ਟਾਊਨ ਮਨਮੋਹਨ ਸਿੰਘ (PPS) ਦੀ ਨਿਗਰਾਨੀ ਹੇਠ ਥਾਣਾ ਡਿਵੀਜ਼ਨ ਨੰਬਰ-7 ਦੇ ਐਸਐਚਓ ਇੰਸਪੈਕਟਰ ਰਵਿੰਦਰ ਕੁਮਾਰ ਦੀ ਟੀਮ ਵੱਲੋਂ ਕੀਤੀ ਗਈ। ਪੁਲਿਸ ਅਨੁਸਾਰ ਗੁਪਤ ਸੂਚਨਾ ਮਿਲੀ ਸੀ ਕਿ ਛੋਟੀ ਬਾਰਾਦਰੀ ਪਾਰਟ-2 ਸਥਿਤ ਰਾਜ ਮਾਰਕੀਟ ਵਿੱਚ ਚੱਲ ਰਹੇ ਰਾਇਲ ਸਪਾ ਮਸਾਜ ਸੈਂਟਰ ਵਿੱਚ ਮਸਾਜ ਦੀ ਆੜ ਹੇਠ ਕਥਿਤ ਦੇਹ ਵਪਾਰ ਕਰਵਾਇਆ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਛਾਪਾ ਮਾਰ ਕੇ ਕਾਰਵਾਈ ਨੂੰ ਅੰਜਾਮ ਦਿੱਤਾ।
ਕੀ ਸਿਰਫ਼ ਇੱਕ ਹੀ ਸਪਾ ਸੈਂਟਰ ‘ਤੇ ਕਾਰਵਾਈ ਕਿਉਂ?
ਇਸ ਕਾਰਵਾਈ ਤੋਂ ਬਾਅਦ ਸ਼ਹਿਰ ਵਿੱਚ ਕਈ ਸਵਾਲ ਵੀ ਉੱਠ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਥਾਣਾ ਡਿਵੀਜ਼ਨ ਨੰਬਰ-6 ਦੇ ਇਲਾਕੇ ਵਿੱਚ ਵੀ ਕਥਿਤ ਤੌਰ ‘ਤੇ ਤਿੰਨ ਤੋਂ ਚਾਰ ਮਸਾਜ ਪਾਰਲਰ ਲੰਮੇ ਸਮੇਂ ਤੋਂ ਚੱਲ ਰਹੇ ਹਨ, ਜਿਨ੍ਹਾਂ ਬਾਰੇ ਸਮੇਂ-ਸਮੇਂ ‘ਤੇ ਚਰਚਾ ਹੁੰਦੀ ਰਹੀ ਹੈ, ਪਰ ਉਨ੍ਹਾਂ ਖ਼ਿਲਾਫ਼ ਕਿਸੇ ਵੱਡੀ ਕਾਰਵਾਈ ਦੀ
ਜਾਣਕਾਰੀ ਸਾਹਮਣੇ ਨਹੀਂ ਆਈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ-7 ਦੇ ਇਲਾਕੇ ਵਿੱਚ ਵੀ ਲੋਕਾਂ ਵੱਲੋਂ ਇਹ ਸਵਾਲ ਉਠਾਏ ਜਾ ਰਹੇ ਹਨ ਕਿ ਜੇਕਰ ਹੋਰ ਮਸਾਜ ਪਾਰਲਰਾਂ ਬਾਰੇ ਵੀ ਸ਼ਿਕਾਇਤਾਂ ਜਾਂ ਸ਼ੱਕ ਮੌਜੂਦ ਹਨ, ਤਾਂ ਫਿਰ ਵਾਰ-ਵਾਰ ਸਿਰਫ਼ ਇੱਕ ਹੀ ਸਪਾ ਸੈਂਟਰ ਖ਼ਿਲਾਫ਼ ਕਾਰਵਾਈ ਕਿਉਂ ਕੀਤੀ ਜਾ ਰਹੀ ਹੈ? ਕੀ ਬਾਕੀ ਸਪਾ ਸੈਂਟਰਾਂ ਦੀ ਵੀ ਨਿਰਪੱਖ ਜਾਂਚ ਹੋਵੇਗੀ? ਜੇਕਰ ਕਿਸੇ ਵੀ ਮਸਾਜ ਸੈਂਟਰ ਵਿੱਚ ਕਾਨੂੰਨ ਦੀ ਉਲੰਘਣਾ ਜਾਂ ਗੈਰ-ਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਹਨ, ਤਾਂ ਪੁਲਿਸ ਨੂੰ ਚਾਹੀਦਾ ਹੈ ਕਿ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਅਜਿਹੇ ਅਦਾਰਿਆਂ ਦੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਇੱਕੋ ਜਿਹੀ ਕਾਰਵਾਈ ਕੀਤੀ ਜਾਵੇ।
