ਦੀਪ ਨਗਰ ‘ਚ ਰਿਹਾਇਸ਼ੀ ਪਲਾਟਾਂ ‘ਤੇ ਨਜਾਇਜ਼ ਮਾਰਕੀਟ ਦੀ ਉਸਾਰੀ, ਬਿਲਡਿੰਗ ਨਿਯਮਾਂ ਦੀ ਉਲੰਘਣਾ

ਜੋਤੀ ਨਗਰ ਚ ਕੰਮ ਕਰਨ ਵਾਲੇ ਵਿਅਕਤੀ ਦੇ ਵੱਲੋਂ ਬਣਾਈ ਜਾ ਰਹੀ ਨਜਾਇਜ਼ ਮਾਰਕੀਟ : ਸੂਤਰ

ਜਲੰਧਰ : (ਸੁਮਿਤ ਕੁਮਾਰ) ਜਲੰਧਰ ਦੇ ਦੀਪ ਨਗਰ ਇਲਾਕੇ ਦੇ ਰਾਣੀ ਬਾਗ ਮੁਹੱਲੇ ਵਿੱਚ ਕਥਿਤ ਤੌਰ ‘ਤੇ ਰਿਹਾਇਸ਼ੀ ਪਲਾਟਾਂ ‘ਤੇ ਨਜਾਇਜ਼ ਦੁਕਾਨਾਂ ਦੀ ਮਾਰਕੀਟ ਤਿਆਰ ਕੀਤੀ ਜਾ ਰਹੀ ਹੈ। ਸਥਾਨਕ ਸੂਤਰਾਂ ਅਨੁਸਾਰ ਮੌਕੇ ‘ਤੇ ਕਰੀਬ ਸੱਤ ਦੁਕਾਨਾਂ ਦਾ ਨਿਰਮਾਣ ਜਾਰੀ ਹੈ, ਜਿਨ੍ਹਾਂ ਲਈ ਨਾ ਤਾਂ ਬਿਲਡਿੰਗ ਪਲਾਨ ਪਾਸ ਕਰਵਾਇਆ ਗਿਆ ਹੈ ਅਤੇ ਨਾ ਹੀ ਲੋੜੀਂਦੀਆਂ ਮਨਜ਼ੂਰੀਆਂ ਲਈਆਂ ਗਈਆਂ ਹਨ। ਸੂਤਰਾਂ ਦਾ ਦਾਅਵਾ ਹੈ ਕਿ ਨਵੀਂ ਬਣ ਰਹੀਆਂ ਦੁਕਾਨਾਂ ਨੂੰ ਪੁਰਾਣੀਆਂ ਦਰਸਾਉਣ ਲਈ ਉਨ੍ਹਾਂ ਦੇ ਬਾਹਰੀ ਹਿੱਸੇ ‘ਤੇ ਤੁਰੰਤ ਰੰਗ ਕੀਤਾ ਜਾ ਰਿਹਾ ਹੈ ਅਤੇ ਫਲੈਕਸ ਬੋਰਡ ਵੀ ਲਗਾਏ ਜਾ ਰਹੇ ਹਨ, ਤਾਂ ਜੋ ਇਹ ਪ੍ਰਭਾਵ ਬਣਾਇਆ ਜਾ ਸਕੇ ਕਿ ਇਹ ਕਾਫੀ ਸਮੇਂ ਤੋਂ ਮੌਜੂਦ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਸਾਰੇ ਪਲਾਟ ਰਿਹਾਇਸ਼ੀ ਸ਼੍ਰੇਣੀ ਵਿੱਚ ਆਉਂਦੇ ਹਨ, ਪਰ ਉਨ੍ਹਾਂ ਨੂੰ ਕਥਿਤ ਤੌਰ ‘ਤੇ ਵਪਾਰਕ ਵਰਤੋਂ ਵਿੱਚ ਤਬਦੀਲ ਕਰਕੇ ਦੁਕਾਨਾਂ ਬਣਾਈਆਂ ਜਾ ਰਹੀਆਂ ਹਨ। ਜੇਕਰ ਇਹ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਇਸ ਨਾਲ ਬਿਲਡਿੰਗ ਬਾਈਲਾਜ਼ ਦੀ ਉਲੰਘਣਾ ਹੋਣ ਦੇ ਨਾਲ-ਨਾਲ ਸਰਕਾਰੀ ਮਾਲੀਏ ਨੂੰ ਵੀ ਵੱਡਾ ਨੁਕਸਾਨ ਹੋ ਸਕਦਾ ਹੈ। ਸੂਤਰਾਂ ਮੁਤਾਬਕ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਜੋਤੀ ਨਗਰ ਖੇਤਰ ਵਿੱਚ ਦਫ਼ਤਰ ਚਲਾਉਣ ਵਾਲੇ ਕਰਨ ਨਾਮ ਦੇ ਇੱਕ ਵਿਅਕਤੀ ਵੱਲੋਂ ਇਹ ਨਿਰਮਾਣ ਕਰਵਾਇਆ ਜਾ ਰਿਹਾ ਹੈ। ਹਾਲਾਂਕਿ ਇਸ ਦਾਅਵੇ ਦੀ ਅਧਿਕਾਰਿਕ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ ਅਤੇ ਸੰਬੰਧਿਤ ਵਿਅਕਤੀ ਦਾ ਪੱਖ ਵੀ ਸਾਹਮਣੇ ਆਉਣਾ ਬਾਕੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਦਾ ਬਿਲਡਿੰਗ ਵਿਭਾਗ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦਾ ਹੈ ਅਤੇ ਕੀ ਕਥਿਤ ਗੈਰ-ਕਾਨੂੰਨੀ ਉਸਾਰੀ ਦੀ ਜਾਂਚ ਕਰਕੇ ਜ਼ਿੰਮੇਵਾਰਾਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ।