ਜਲੰਧਰ (ਸੁਮਿਤ ਕੁਮਾਰ) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਗੁਰਪੁਰਬ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਖ਼ਾਸ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਵਾਰ 1 ਫਰਵਰੀ ਨੂੰ ਆ ਰਹੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਵਿੱਚ ਹਾਲੇ ਕਰੀਬ 8 ਤੋਂ 10 ਦਿਨ ਬਾਕੀ ਹਨ, ਪਰ ਇਸ ਤੋਂ ਪਹਿਲਾਂ ਹੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਗੁਰੂ ਮਹਾਰਾਜ ਦੇ ਨਾਂ ’ਤੇ ਲਗਾਏ ਗਏ ਫਲੈਕਸ ਬੋਰਡ ਡਿੱਗੇ ਹੋਏ, ਫੱਟੇ ਹੋਏ ਅਤੇ ਸੜਕਾਂ ਉੱਤੇ ਬਿਖਰੇ ਹੋਏ ਦਿਖਾਈ ਦੇ ਰਹੇ ਹਨ।
ਇਹ ਫਲੈਕਸ ਬੋਰਡ ਆਮ ਤੌਰ ’ਤੇ “ਲੱਖ ਲੱਖ ਮੁਬਾਰਕਾਂ” ਦੇ ਸਲੋਗਨ ਨਾਲ ਲਗਾਏ ਜਾਂਦੇ ਹਨ, ਜਿਨ੍ਹਾਂ ’ਚ ਉੱਪਰ ਗੁਰੂ ਰਵਿਦਾਸ ਮਹਾਰਾਜ ਜੀ ਦਾ ਸਰੂਪ ਤੇ ਹੇਠਾਂ ਆਪਣੀਆਂ ਵੱਡੀਆਂ ਤਸਵੀਰਾਂ ਅਤੇ ਨਾਂ ਛਪਵਾ ਕੇ ਕੁਝ ਵਿਅਕਤੀ ਆਪਣੀ ਐਡਵਰਟਾਈਜ਼ਮੈਂਟ ਕਰਦੇ ਨਜ਼ਰ ਆ ਰਹੇ ਹਨ।
ਪਰ ਸਵਾਲ ਇਹ ਉੱਠਦਾ ਹੈ ਕਿ ਜੇਕਰ ਇਹ ਸਿਰਫ਼ ਸ਼ਰਧਾ ਹੈ, ਤਾਂ ਫਿਰ ਇਨ੍ਹਾਂ ਫਲੈਕਸਾਂ ਦੀ ਦੇਖਭਾਲ ਕਿਉਂ ਨਹੀਂ? ਜਲੰਧਰ ਦੇ ਬੂਟਾ ਮੰਡੀ, ਬੂਟਾ ਪਿੰਡ, ਗੁਰੂ ਰਵਿਦਾਸ ਚੌਂਕ ਤੋਂ ਬਬਰੀਕ ਚੌਂਕ ਵੱਲ ਜਾਂਦੇ ਰਸਤੇ ਦੌਰਾਨ ਕਈ ਥਾਵਾਂ ’ਤੇ ਫਲੈਕਸ ਬੋਰਡ ਟੁੱਟੇ ਹੋਏ, ਝੁਕੇ ਹੋਏ ਜਾਂ ਸੜਕਾਂ ਉੱਤੇ ਡਿੱਗੇ ਹੋਏ ਦਿਖਾਈ ਦਿੱਤੇ।ਇਨ੍ਹਾਂ ਡਿੱਗੇ ਹੋਏ ਫਲੈਕਸਾਂ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦਾ ਪਾਵਨ ਸਰੂਪ ਵੀ ਮੌਜੂਦ ਹੈ, ਜੋ ਆਪਣੇ ਆਪ ਵਿੱਚ ਗੰਭੀਰ ਸਵਾਲ ਖੜੇ ਕਰਦਾ ਹੈ। ਧਾਰਮਿਕ ਗੁਰਪੁਰਬਾਂ ਮੌਕੇ ਫਲੈਕਸ ਲਗਾਉਣਾ ਕੋਈ ਗਲਤ ਗੱਲ ਨਹੀਂ, ਪਰ ਉਹਨਾਂ ਦੀ ਸੰਭਾਲ ਨਾ ਕਰਨਾ, ਟੁੱਟੇ ਹੋਏ ਬੋਰਡਾਂ ਨੂੰ ਸੜਕਾਂ ’ਤੇ ਛੱਡ ਦੇਣਾ—ਕੀ ਇਹ ਬੇਅਦਬੀ ਨਹੀਂ?
ਜੇਕਰ ਆਪਣੀ ਪ੍ਰਚਾਰਬਾਜ਼ੀ ਲਈ ਗੁਰੂ ਮਹਾਰਾਜ ਦੇ ਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਤਾਂ ਜ਼ਿੰਮੇਵਾਰੀ ਵੀ ਉਨੀ ਹੀ ਬਣਦੀ ਹੈ ਕਿ ਉਹ ਫਲੈਕਸ ਸਹੀ ਤਰੀਕੇ ਨਾਲ ਲਗੇ ਰਹਿਣ, ਸਮੇਂ ’ਤੇ ਠੀਕ ਕੀਤੇ ਜਾਣ ਜਾਂ ਹਟਾਏ ਜਾਣ। ਆਮ ਪਬਲਿਕ ਵਿੱਚ ਇਹ ਚਰਚਾ ਜ਼ੋਰਾਂ ’ਤੇ ਹੈ ਕਿ ਸ਼ਰਧਾ ਦੇ ਨਾਂ ’ਤੇ ਸਵੈ-ਪ੍ਰਚਾਰ ਬੰਦ ਹੋਣਾ ਚਾਹੀਦਾ ਹੈ। ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਸਾਨੂੰ ਨਿਮਰਤਾ, ਸਮਾਨਤਾ ਅਤੇ ਇਜ਼ਤ ਸਿਖਾਂਦੀ ਹੈ—ਨਾ ਕਿ ਆਪਣੀ ਤਸਵੀਰ ਚਮਕਾਉਣ ਦੀ ਦੌੜ। ਇਸ ਲਈ ਜ਼ਰੂਰੀ ਹੈ ਕਿ: ਫਲੈਕਸ ਲਗਾਉਣ ਵਾਲੇ ਵਿਅਕਤੀ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਉਣ । ਡਿੱਗੇ ਜਾਂ ਟੁੱਟੇ ਫਲੈਕਸਾਂ ਨੂੰ ਤੁਰੰਤ ਹਟਾਇਆ ਜਾਵੇ
ਗੁਰੂ ਮਹਾਰਾਜ ਦੇ ਪਾਵਨ ਸਰੂਪ ਦੀ ਪੂਰੀ ਇਜ਼ਤ ਅਤੇ ਮਰਿਆਦਾ ਬਣਾਈ ਰੱਖੀ ਜਾਵੇ । ਖੁਦ ਦੀ ਐਡਵਰਟਾਈਜ਼ਮੈਂਟ ਤੋਂ ਉੱਪਰ ਧਰਮ ਅਤੇ ਸ਼ਰਧਾ ਹੈ। ਗੁਰਪੁਰਬ ਮਨਾਉਣਾ ਹੈ, ਬੇਅਦਬੀ ਦਾ ਕਾਰਨ ਨਹੀਂ

![]()
