ਜਲੰਧਰ (ਮਨਪ੍ਰੀਤ) :
ਦੇਸ਼ ਭਰ ਵਿੱਚ ਵੱਖ-ਵੱਖ ਪ੍ਰੀਖਿਆਵਾਂ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਧਾਰਮਿਕ ਕਕਾਰਾਂ—ਸਿਰੀ ਸਾਹਿਬ, ਕੜਾ ਆਦਿ—ਦੇ ਕਾਰਨ ਬਾਰ-ਬਾਰ ਰੋਕਿਆ ਜਾਣਾ ਸਿੱਖਾਂ ਦੇ ਮੂਲ ਸੰਵਿਧਾਨਿਕ ਅਧਿਕਾਰਾਂ ਦੀ ਖੁੱਲ੍ਹੀ ਉਲੰਘਣਾ ਹੈ। ਇਹ ਗੱਲ ਸਿੱਖ ਤਾਲਮੇਲ ਕਮੇਟੀ ਨੇ ਇੱਕ ਸਾਂਝੇ ਬਿਆਨ ਰਾਹੀਂ ਕਹੀ।
ਕਮੇਟੀ ਨੇ ਕਿਹਾ ਕਿ ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਸ਼ਹਿਰ ਵਿੱਚ ਇੱਕ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਜਪਨ ਸਿੰਘ ਨੂੰ ਬੀ.ਏ. ਦਾ ਪੇਪਰ ਦੇਣ ਤੋਂ ਸਿਰਫ਼ ਇਸ ਕਾਰਨ ਰੋਕ ਦਿੱਤਾ ਗਿਆ ਕਿ ਉਸ ਨੇ ਕਿਰਪਾਨ ਪਾਈ ਹੋਈ ਸੀ। ਇਹ ਘਟਨਾ ਨਿੰਦਨਯੋਗ ਹੈ ਅਤੇ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਉਹ ਘੱਟ ਹੈ।
ਆਗੂਆਂ ਨੇ ਕਿਹਾ ਕਿ ਕਿਰਪਾਨ ਅੰਮ੍ਰਿਤਧਾਰੀ ਸਿੱਖ ਲਈ ਧਾਰਮਿਕ ਤੌਰ ‘ਤੇ ਲਾਜ਼ਮੀ ਹੈ ਅਤੇ ਭਾਰਤੀ ਸੰਵਿਧਾਨ ਹਰ ਸਿੱਖ ਨੂੰ ਇਹ ਅਧਿਕਾਰ ਦਿੰਦਾ ਹੈ। ਇਸ ਦੇ ਬਾਵਜੂਦ ਸਿੱਖ ਵਿਦਿਆਰਥੀਆਂ ਨਾਲ ਬਾਰ-ਬਾਰ ਭੇਦਭਾਵ ਕੀਤਾ ਜਾਣਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤਯੋਗ ਨਹੀਂ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਗੁਰਦੀਪ ਸਿੰਘ ਕਾਲੀਆ ਕਾਲੋਨੀ ਅਤੇ ਹਰਵਿੰਦਰ ਸਿੰਘ ਚਿਟਕਾਰਾ ਨੇ ਕਿਹਾ ਕਿ ਜਿਹੜੇ ਅਧਿਕਾਰੀ ਜਾਂ ਸੰਸਥਾਵਾਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੀਆਂ ਹਨ, ਉਨ੍ਹਾਂ ਨੂੰ ਮਿਸਾਲੀ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ, ਤਾਂ ਜੋ ਭਵਿੱਖ ਵਿੱਚ ਕੋਈ ਵੀ ਸਿੱਖਾਂ ਦੇ ਸੰਵਿਧਾਨਿਕ ਹੱਕਾਂ ‘ਤੇ ਡਾਕਾ ਨਾ ਮਾਰ ਸਕੇ।
ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਵੀ ਅਪੀਲ ਕੀਤੀ ਕਿ ਇਸ ਗੰਭੀਰ ਮਸਲੇ ਦਾ ਪੱਕਾ ਤੇ ਸਥਾਈ ਹੱਲ ਕੱਢਣ ਲਈ ਢੁੱਕਵੇਂ ਕਦਮ ਚੁੱਕੇ ਜਾਣ, ਤਾਂ ਜੋ ਅੱਗੇ ਤੋਂ ਕਿਸੇ ਵੀ ਸਿੱਖ ਵਿਦਿਆਰਥੀ ਨੂੰ ਪ੍ਰੀਖਿਆਵਾਂ ਦੌਰਾਨ ਅਜਿਹੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ‘ਤੇ ਪ੍ਰਭਜੋਤ ਸਿੰਘ ਖਾਲਸਾ, ਹਰਪਾਲ ਸਿੰਘ ਪਾਲੀ ਚੱਢਾ, ਹਰਪ੍ਰੀਤ ਸਿੰਘ ਸੋਨੂ ਅਤੇ ਅਵਨੀਤ ਸਿੰਘ ਵੀ ਹਾਜ਼ਰ ਸਨ।




